ਘਰ ਨੂੰ ਲੱਗੀ ਅੱਗ, 2 ਬੱਚਿਆਂ ਦੀ ਝੁਲਸਣ ਨਾਲ ਮੌਤ, ਮਾਂ ਗੰਭੀਰ ਜ਼ਖਮੀ

by jaskamal

 ਨਿਊਜ਼ ਡੈਸਕ : ਫਰਿਜ਼ਨੋ ਫਾਇਰ ਅਧਿਕਾਰੀਆਂ ਅਨੁਸਾਰ ਮੰਗਲਵਾਰ ਸਵੇਰੇ ਇਕ ਘਰ ਨੂੰ ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਫਾਇਰ ਫਾਈਟਰ ਸਵੇਰੇ 6:30 ਵਜੇ ਦੇ ਕਰੀਬ ਡਕੋਟਾ ਅਤੇ ਬ੍ਰਾਲੀ ਐਵੇਨਿਊ ਦੇ ਖੇਤਰ 'ਚ ਮੇਜਰ ਫਾਇਰ ਕਾਲ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ 5 ਅਤੇ 18 ਮਹੀਨੇ ਦੇ ਬੱਚਿਆਂ ਨੂੰ ਬੇਜਾਨ ਪਾਇਆ ਤੇ ਮਾਂ ਅਤੇ ਇਕ ਹੋਰ ਸ਼ੱਕੀ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਲੋਕਲ ਹਸਪਤਾਲ ਦਾਖਲ ਕਰਵਾਇਆ।

ਇਕ ਨਿਊਜ਼ ਕਾਨਫਰੰਸ 'ਚ ਫਰਿਜ਼ਨੋ ਦੇ ਪੁਲਸ ਮੁਖੀ ਪਾਕੋ ਬਲਡੇਰਾਮਾ ਨੇ ਕਿਹਾ ਕਿ ਇਹ ਅੱਗ ਲੱਗੀ ਨਹੀਂ ਬਲਕਿ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਕ 29 ਸਾਲ ਦੇ ਵਿਅਕਤੀ ਦੀ ਕਥਿਤ ਦੋਸ਼ੀ ਵਜੋਂ ਪਛਾਣ ਕੀਤੀ ਗਈ ਹੈ, ਜਿਹੜਾ ਕਿ ਇਸੇ ਘਰ 'ਚ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਚੀਫ ਬਲਡੇਰਾਮਾ ਨੇ ਕਿਹਾ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਕਤਲ ਅਤੇ ਸੰਗੀਨ ਅੱਗਜ਼ਨੀ ਦੇ 2 ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਪੁਲਸ ਮੁਖੀ ਬਲਡੇਰਾਮਾ ਅਨੁਸਾਰ ਬੱਚਿਆਂ ਦਾ ਪਿਤਾ ਕੰਮ 'ਤੇ ਸੀ। ਇਸ ਬੁਰੀ ਘਟਨਾ ਕਰਕੇ ਫਰਿਜ਼ਨੋ ਏਰੀਏ ਦੇ ਲੋਕ ਗਹਿਰੇ ਦੁੱਖ ਵਿੱਚ ਹਨ।