
ਬਸਤੀ (ਰਾਘਵ) : ਸੰਤ ਕਬੀਰਨਗਰ ਜ਼ਿਲੇ ਦੇ ਖਲੀਲਾਬਾਦ ਇਲਾਕੇ 'ਚ ਮੰਗਲਵਾਰ ਸ਼ਾਮ ਨੂੰ ਰੋਡਵੇਜ਼ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਆਟੋਰਿਕਸ਼ਾ 'ਚ ਜਾ ਰਹੇ ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਸੁਪਰਡੈਂਟ ਸੰਦੀਪ ਕੁਮਾਰ ਮੀਨਾ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ ਕਰੀਬ 7.30 ਵਜੇ ਮੁੰਡੇਰਵਾ-ਕਾਂਤੇਰੇ ਰੋਡ 'ਤੇ ਖਲੀਲਾਬਾਦ ਕੋਤਵਾਲੀ ਥਾਣਾ ਖੇਤਰ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਇੱਕ ਰੋਡਵੇਜ਼ ਦੀ ਬੱਸ ਨੇ ਕਾਂਟੇ ਪਿੰਡ ਨੇੜੇ ਇੱਕ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਆਟੋਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਉਨ੍ਹਾਂ ਵਿੱਚੋਂ ਇੱਕ ਹੋਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਰਵਜੀਤ (32), ਉਸ ਦੇ ਦੋ ਸਾਲਾ ਪੁੱਤਰ ਅਰਜੁਨ ਅਤੇ ਰਿਸ਼ਤੇਦਾਰਾਂ ਭੀਖਾਨਾ ਦੇਵੀ (45) ਅਤੇ ਮੂਰਤੀ ਦੇਵੀ (35) ਵਜੋਂ ਹੋਈ ਹੈ। ਮੀਨਾ ਨੇ ਦੱਸਿਆ ਕਿ ਬਾਕੀ ਤਿੰਨ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਸਾਰੇ ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਵਾਲੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।