ਹੁਆਵੇ ਦੀ ਸੀਈਓ ਮੈਂਗ ਵਾਨਜ਼ੋਊ ਨੂੰ ਮਿਲ ਸਕੇਗਾ ਪਰਿਵਾਰ, ਇਮੀਗ੍ਰੇਸ਼ਨ ਕੈਨੇਡਾ ਨੇ ਦਿੱਤੀ ਵਿਸ਼ੇਸ਼ ਇਜਾਜਤ

by vikramsehajpal

ਓਟਵਾ (ਦੇਵ ਇੰਦਰਜੀਤ)- ਇਮੀਗ੍ਰੇਸ਼ਨ ਕੈਨੇਡਾ ਵੱਲੋਂ ਵੈਨਕੂਵਰ ਵਿੱਚ ਨਜ਼ਰਬੰਦ ਹੁਆਵੇ ਦੀ ਸੀਐਫਓ ਮੈਂਗ ਵਾਨਜ਼ੋਊ ਦੇ ਪਤੀ ਤੇ ਦੋ ਬੱਚਿਆਂ ਨੂੰ ਉਸ ਨਾਲ ਮੁਲਾਕਾਤ ਕਰਨ ਲਈ ਕੋਵਿਡ-19 ਟਰੈਵਲ ਛੋਟ ਦੇ ਦਿੱਤੀ ਗਈ ਹੈ।

ਮੈਂਗ ਦੇ ਵਕੀਲ ਨੇ ਅਦਾਲਤ ਵਿੱਚ ਆਖਿਆ ਕਿ ਮੈਂਗ ਦੇ ਪਤੀ ਲਿਊ ਜਿ਼ਆਓਜ਼ੌਂਗ ਤੇ ਦੋ ਬੱਚਿਆਂ ਨੇ 2020 ਦੇ ਅੰਤ ਵਿੱਚ ਚੀਨ ਤੋਂ ਟਰੈਵਲ ਕਰਨ ਲਈ ਛੋਟ ਵਾਸਤੇ ਅਪਲਾਈ ਕੀਤਾ ਸੀ। ਲਿਊ ਅਕਤੂਬਰ ਵਿੱਚ ਪਹੁੰਚ ਗਿਆ ਸੀ ਤੇ ਦਸੰਬਰ ਵਿੱਚ ਬੱਚੇ ਵੀ ਪਹੁੰਚ ਗਏ ਸਨ। ਉਹ ਕੈਨੇਡਾ ਵਿੱਚ ਹੀ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਿਰੀਨ ਖੌਰੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੈਂਗ ਦੇ ਪਰਿਵਾਰ ਨੂੰ ਆਈਆਰਸੀਸੀ ਅਧਿਕਾਰੀਆਂ ਵੱਲੋਂ ਕੈਨੇਡਾ ਟਰੈਵਲ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕੋਵਿਡ-19 ਕਾਰਨ ਮੌਜੂਦਾ ਹਾਲਾਤ ਦੇ ਚੱਲਦਿਆਂ ਵਿਦੇਸ਼ੀ ਨਾਗਰਿਕਾਂ ਨੂੰ ਉਦੋਂ ਤੱਕ ਕੈਨੇਡਾ ਦਾ ਗੈਰ ਜ਼ਰੂਰੀ ਦੌਰਾ ਕਰਨ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਉਹ ਆਪਣੇ ਕੈਨੇਡੀਅਨ ਨਾਗਰਿਕ ਜਾਂ ਸਥਾਈ ਵਾਸੀ, ਜੋ ਕਿ ਪਰਿਵਾਰਕ ਮੈਂਬਰ ਹਨ, ਨੂੰ ਮਿਲਣ ਆ ਰਹੇ ਹੋਣ। ਮੈਂਗ ਨਾ ਹੀ ਕੈਨੇਡੀਅਨ ਨਾਗਰਿਕ ਹੈ ਤੇ ਨਾ ਹੀ 2009 ਤੋਂ ਇੱਥੇ ਸਥਾਈ ਤੌਰ ਉੱਤੇ ਰਹਿ ਰਹੀ ਹੈ।