ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਈਰਾਨ 'ਤੇ ਹਮਲਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਈਰਾਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਹੋਣ 'ਤੇ ਅਮਰੀਕੀ ਫੌਜੀ ਨਿਗਰਾਨੀ ਵਾਲੇ ਡਰੋਨ ਨੂੰ ਹੇਠਾਂ ਸੁੱਟਿਆ। ਉਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਉਸ ਦਾ ਡਰੋਨ ਕੌਮਾਂਤਰੀ ਹਵਾਈ ਖੇਤਰ ਵਿਚ ਸੀ। ਟਰੰਪ ਨੇ ਇਕ ਟਵੀਟ ਵਿਚ ਕਿਹਾ, ਮੈਂ ਕਿਸੇ ਜਲਦਬਾਜ਼ੀ ਵਿਚ ਨਹੀਂ ਹਾਂ।
ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੀ ਇਸ ਕਾਰਵਾਈ ਦਾ ਜਵਾਬ ਦੇਣ ਲਈ ਅਮਰੀਕੀ ਸੁਰੱਖਿਆ ਦਸਤਿਆਂ ਨੂੰ ਭੇਜਣ ਦਾ ਫੈਸਲਾ ਕੀਤਾ ਸੀ ਪਰ ਬਾਅਦ ਵਿਚ ਇਸ ਨੂੰ ਵਾਪਸ ਲੈ ਲਿਆ ਸੀ। ਰਾਸ਼ਟਰਪਤੀ ਨੇ ਕਿਹਾ ਕਿ ਹਮਲੇ ਤੋਂ 10 ਮਿੰਟ ਪਹਿਲਾਂ ਮੈਂ ਇਸ ਨੂੰ ਰੋਕਿਆ।
ਉਨ੍ਹਾਂ ਨੇ ਦੱਸਿਆ ਕਿ ਇਕ ਜਨਰਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਈਰਾਨ ਵੱਲ 150 ਮੌਤਾਂ ਹੋ ਸਕਦੀਆਂ ਹਨ ਅਤੇ ਫਿਰ ਉਨ੍ਹਾਂ ਨੇ ਸੋਚਿਆ ਕਿ ਇਹ ਇਕ ਕੰਟਰੋਲਡ ਕਾਰਵਾਈ ਨਹੀਂ ਹੋਵੇਗੀ।



