ਅਜਨਾਲਾ (ਇੰਦਰਜੀਤ ਸਿੰਘ) : ਜਿਹੜਾ ਮੇਰੀ ਗੱਲ ਦਾ ਵਿਰੋਧ ਕਰਦਾ ਹੈ, ਕਰਦਾ ਰਹੇ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ।' ਬੁੱਧਵਾਰ ਨੂੰ ਇਹ ਗੱਲ ਵਿਦੇਸ਼ ਤੋਂ ਪਰਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕਹੀ। ਹਿੰਦੀ ਦਿਵਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਇਕ ਰਾਸ਼ਟਰ ਇਕ ਭਾਸ਼ਾ' ਦਾ ਨਾਅਰਾ ਦਿੰਦੇ ਹੋਏ ਸਾਰੇ ਦੇਸ਼ ਵਿਚ ਇਕ ਭਾਸ਼ਾ ਹਿੰਦੀ ਲਾਗੂ ਕਰਨ ਬਾਰੇ ਕਿਹਾ ਸੀ, ਜਿਸ ਦਾ ਦੱਖਣ ਭਾਰਤ ਅਤੇ ਪੰਜਾਬ ਵਿਚ ਵਿਰੋਧ ਹੋਇਆ ਸੀ। ਵੱਡੀ ਪੱਧਰ 'ਤੇ ਲੋਕਾਂ ਨੇ ਕਿਹਾ ਸੀ ਕਿ ਉਹ ਆਪਣੀ ਮਾਤ ਭਾਸ਼ਾ ਨਹੀਂ ਛੱਡ ਸਕਦੇ।
ਇਸ 'ਤੇ ਜਿੱਥੇ ਪੂਰੇ ਮੁਲਕ ਵਿਚ ਬਹਿਸਾਂ ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋਇਆ ਉੱਥੇ ਪੰਜਾਬ ਤੋਂ ਲੈ ਕੇ ਵਿਦੇਸ਼ ਤਕ ਵੱਖ-ਵੱਖ ਵਿਚਾਰ ਉੱਭਰ ਕੇ ਸਾਹਮਣੇ ਆਏ। ਇਸ ਦੌਰਾਨ ਵਿਦੇਸ਼ ਵਿਚ ਸ਼ੋਅ ਕਰਨ ਗਏ ਗੁਰਦਾਸ ਮਾਨ ਨੇ ਕਿਹਾ ਸੀ ਕਿ ਪੰਜਾਬੀ ਮਾਂ ਬੋਲੀ ਹੈ ਅਤੇ ਹਿੰਦੀ ਮਾਸੀ ਹੈ। ਉਨ੍ਹਾਂ ਅਮਿਤ ਸ਼ਾਹ ਦੇ 'ਇਕ ਰਾਸ਼ਟਰ ਇਕ ਭਾਸ਼ਾ' ਦੇ ਬਿਆਨ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਵਿਦੇਸ਼ ਵਿਚ ਵੀ ਉਨ੍ਹਾਂ ਖ਼ਿਲਾਫ਼ ਮੁਜ਼ਾਹਰੇ ਹੋਏ ਸਨ।
ਵਿਦੇਸ਼ ਤੋਂ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਰਾਜਾਸਾਂਸੀ 'ਤੇ ਪਹੁੰਚਣ 'ਤੇ ਵੀ ਗੁਰਦਾਸ ਮਾਨ ਦੇ ਤੇਵਰ ਓਦਾਂ ਦੇ ਹੀ ਦਿਖੇ। ਭਾਰੀ ਸੁਰੱਖਿਆ ਵਿਚਕਾਰ ਉਨ੍ਹਾਂ ਬਸ ਏਨਾ ਹੀ ਕਿਹਾ ਕਿ 'ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਹੁਣ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਕਰਦਾ ਰਹੇ। ਮੈਂ ਕੁਝ ਵੀ ਲੈਣਾ-ਦੇਣਾ ਨਹੀਂ ਹੈ।' ਇਸ ਤੋਂ ਬਾਅਦ ਉਹ ਗੱਡੀ ਵਿਚ ਬੈਠ ਕੇ ਰਵਾਨਾ ਹੋ ਗਏ।



