ਸਿੱਧੂ’ ਦੀਆਂ ਬਿਆਨਬਾਜ਼ੀਆਂ ਨਹੀਂ ਪਸੰਦ : ਕੈਪਟਨ ਅਮਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਮੱਲਿਕਾਰਜੁਨ ਕਮੇਟੀ ਵਲੋਂ ਦਿੱਤੇ ਗਏ 18 ਨੁਕਤਿਆਂ ’ਤੇ ਲਏ ਗਏ ਫ਼ੈਸਲਿਆਂ ਦੀ ਵੀ ਜਾਣਕਾਰੀ ਦਿੱਤੀ। ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਬਿਓਰਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੈਠਕ ਦੌਰਾਨ ਸਿੱਧੂ ਦੀਆਂ ਲਗਾਤਾਰ ਬਿਆਨਬਾਜ਼ੀਆਂ ਸਮੇਤ ਉਨ੍ਹਾਂ ਦੇ ਕਾਰਜਕਾਲ ਵਿਚ ਹੋਏ ਕੰਮਾਂ ਦਾ ਪੂਰਾ ਬਿਓਰਾ ਸੋਨੀਆ ਗਾਂਧੀ ਦੇ ਸਾਹਮਣੇ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਗਠਿਤ ਮੱਲਿਕਾਰਜੁਨ ਕਮੇਟੀ ਜਦੋਂ ਵਿਧਾਇਕਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਵੀ ਸਿੱਧੂ ਲਗਾਤਾਰ ਸਰਕਾਰ ਵਿਰੋਧੀ ਬਿਆਨਬਾਜ਼ੀ ਵਿਚ ਮਸਰੂਫ ਸਨ। ਇਸ ਨਾਲ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਇਸ ਲਈ ਹੁਣ ਸਿੱਧੂ ਨੂੰ ਬਰਦਾਸ਼ਤ ਕਰ ਸਕਣਾ ਸੰਭਵ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਸਿੱਧੂ ਸਬੰਧੀ ਤਮਾਮ ਰਿਪੋਰਟਾਂ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ।

ਮੁੱਖ ਮੰਤਰੀ ਨੇ 18 ਨੁਕਤਿਆਂ ਦੇ ਤਹਿਤ ਖੇਤ ਮਜ਼ਦੂਰਾਂ ਤੋਂ ਲੈ ਕੇ ਬਿਜਲੀ ਸਮਝੌਤੇ ਰੱਦ ਕਰਨ ਦਾ ਐਲਾਨ ਕਰਨ ਦੀ ਗੱਲ ਰੱਖੀ ਹੈ। ਇਸ ਕੜੀ ਵਿਚ ਬੇਅਦਬੀ-ਗੋਲੀਕਾਂਡ ਮਾਮਲੇ ਵਿਚ ਜਾਂਚ ਤੇਜ ਕਰਨ ਤੋਂ ਇਲਾਵਾ ਨਸ਼ੇ ’ਤੇ ਚੱਲ ਰਹੀ ਜਾਂਚ ਵਿਚ ਤੇਜ਼ੀ ਲਿਆਉਣ ਦਾ ਵੀ ਬਿਓਰਾ ਦਿੱਤਾ ਹੈ।

ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਪੂਰਥਲਾ ਹਾਊਸ ਵਿਚ ਸੰਸਦ ਮੈਂਬਰ ਰਵਨੀਤ ਬਿੱਟੂ, ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਰਾਜਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ ਛੇਤੀ ਹੀ ਪੰਜਾਬ ਕਾਂਗਰਸ ਵਿਚ ਵੱਡਾ ਬਦਲਾਅ ਹੋਵੇਗਾ। ਮੰਤਰੀ ਮੰਡਲ ਵਿਚ ਵੀ ਬਦਲਾਅ ਸੰਭਵ ਹੈ।