ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ : ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਫਿਰ ਵੱਡਾ ਭੂਚਾਲ ਗਿਆ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਿੱਧੂ ਵਲੋਂ ਅਸਤੀਫ਼ਾ ਦੇਣ ’ਤੇ ਉਸ ਦੇ ਵਿਰੋਧੀ ਹੁਣ ਉਸ ’ਤੇ ਤੰਜ ਕੱਸ ਰਹੇ ਹਨ। ਸਿੱਧੂ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਬੋਲਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਵਲੋਂ ਅਸਤੀਫ਼ਾ ਦੇਣ ’ਤੇ ਇਕ ਧਮਾਕੇਦਾਰ ਟਵੀਟ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਆਪਣੀ ਗੱਲ ਨੂੰ ਸਹੀ ਅਤੇ ਸੱਚ ਹੋਣ ਦੀ ਗੱਲ ਕਹੀ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ‘ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਇਹ ਬੰਦਾ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਫਿੱਟ ਨਹੀਂ ਹੈ।’

ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇਣ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਅਸਤੀਫ਼ੇ ਦੀ ਕਾਪੀ ਅਪਲੋਡ ਕਰਕੇ ਸਭ ਨੂੰ ਦਿੱਤੀ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਜਦੋਂ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਤਾਂ, ਨਵਜੋਤ ਨੇ ਹਾਈਕਮਾਂਡ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣ।