ਮੈਂ ਭਾਰਤ ਦਾ ਪਾਕਿਸਤਾਨ ਖਿਲਾਫ ਗੁੱਸੇ ਨੂੰ ਸਮਝਦਾ ਹਾਂ : ਡੋਨਾਲਡ ਟਰੰਪ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਦੇ ਗੁੱਸੇ ਨੂੰ ਸਮਝਦੇ ਹਨ ਕਿਉਂਕਿ ਇਸ ਵਿੱਚ ਉਸ ਦੇ 40 ਤੋਂ ਜ਼ਿਆਦਾ ਸੁਰੱਖਿਆ ਬਲ ਦੇ ਜਵਾਨ ਮਾਰੇ ਗਏ ਹਨ। ਇੱਕ ਚੀਨੀ ਵਪਾਰਕ ਵਫ਼ਦ ਦੇ ਨਾਲ ਆਪਣੀ ਬੈਠਕ ਦੇ ਬਾਅਦ ਸ਼੍ਰੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤ ਬਹੁਤ ਖ਼ਤਰਨਾਕ ਹਨ। ਰਾਸ਼ਟਰਪਤੀ ਨੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਵੱਲੋਂ ਇੱਕ ਤਿੱਖੀ ਪ੍ਰਤੀਕਿਰਿਆ ਦੀ ਸੰਭਾਵਨਾ ਵੀ ਜਤਾਈ ਹੈ। 

ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਦੇ ਸਭ ਤੋਂ ਘਿਨੌਣੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਵਿੱਚ 14 ਫਰਵਰੀ ਨੂੰ ਚਾਲ੍ਹੀ ਸੀ.ਆਰ.ਪੀ.ਐੱਫ. ਦੇ ਜਵਾਨ ਮਾਰੇ ਗਏ ਸਨ ਅਤੇ ਪੰਜ ਜਖ਼ਮੀ ਹੋ ਗਏ ਸਨ, ਜਦੋਂ ਪਾਕਿਸਤਾਨ ਸਥਿਤ ਅੱਤਵਾਦੀ ਗੁੱਟ ਜੈਸ਼-ਏ-ਮੁਹੰਮਦ ਦੇ ਇੱਕ ਆਤਮਘਾਤੀ ਹਮਲਾਵਰ ਨੇ ਭਾਰੀ ਮਾਤਰਾ ਵਿੱਚ ਵਿਸਫੋਟਕਾਂ ਨਾਲ ਭਰੇ ਆਪਣੇ ਵਾਹਨ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਜਵਾਨਾਂ ਨੂੰ ਲਿਜਾ ਰਹੀ ਬੱਸ ਨਾਲ ਟੱਕਰ ਮਾਰ ਦਿੱਤੀ ਸੀ। ਭਾਰਤ ਨੇ ਹਮਲੇ ਦੇ ਬਾਅਦ ਇਸਲਾਮਾਬਾਦ ਦੇ ਖਿਲਾਫ਼ ਬਹੁਤ ਹੀ ਕਰੜਾ ਰੁਖ਼ ਅਖਤਿਆਰ ਕੀਤਾ ਅਤੇ ਅੱਤਵਾਦ ਨੂੰ ਰਾਜ ਦੀ ਨੀਤੀ ਦੇ ਇੱਕ ਸਾਧਨ ਦੇ ਰੂਪ ਵਿੱਚ ਇਸਤੇਮਾਲ ਕਰਨ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕੀਤਾ। 

ਅਮਰੀਕਾ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਸਮੁਦਾਇ ਨੇ ਪਾਕਿਸਤਾਨ ਉੱਤੇ ਦਬਾਅ ਪਾਇਆ ਕਿ ਉਹ ਆਪਣੀ ਧਰਤੀ ਤੋਂ ਸਰਗਰਮ ਅੱਤਵਾਦੀ ਗੁੱਟਾਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਤੋਂ ਇਨਕਾਰ ਕਰੇ ਅਤੇ ਪੁਲਵਾਮਾ ਹਮਲੇ ਦੇ ਦੋਸ਼ੀਆਂ ਤੇ ਕਾਰਵਾਈ ਕਰੇ। ਕਾਬਿਲੇਗੌਰ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਖੇਤਰ ਵਿੱਚੋਂ ਅੱਤਵਾਦੀਆਂ ਅਤੇ ਅੱਤਵਾਦੀ ਗੁੱਟਾਂ ਖਿਲਾਫ਼ ਫੌਰੀ ਕਾਰਵਾਈ ਕਰਨ ਨੂੰ ਕਿਹਾ ਹੈ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦਾ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਦੀ ਘੋਸ਼ਣਾ ਵੀ ਕੀਤੀ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਸਾਮਾਨਾਂ ਉੱਤੇ ਲੱਗਣ ਵਾਲੇ ਟੈਕਸਾਂ ਵਿੱਚ 200 ਫ਼ੀਸਦੀ ਦਾ ਵਾਧਾ ਕਰ ਦਿੱਤਾ।