ਸੰਸਦ ‘ਚ ਜਾਵਾਂਗੇ ਆਪਣੀ ਫ਼ਸਲ ਵੇਚਣ : ਟਿਕੈਤ

ਸੰਸਦ ‘ਚ ਜਾਵਾਂਗੇ ਆਪਣੀ ਫ਼ਸਲ ਵੇਚਣ : ਟਿਕੈਤ

ਦਿੱਲੀ (ਦੇਵ ਇੰਦਰਜੀਤ) : ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਵੱਡਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਜੇਕਰ ਸੜਕਾਂ ਖੁੱਲ੍ਹੀਆਂ ਤਾਂ ਅਸੀਂ ਆਪਣੀ ਫ਼ਸਲ ਵੇਚਣ ਲਈ ਸੰਸਦ ਜਾਵਾਂਗੇ। ਪਹਿਲਾਂ ਸਾਡੇ ਟਰੈਕਟਰ ਦਿੱਲੀ ਜਾਣਗੇ। ਟਿਕੈਤ ਦਾ ਬਿਆਨ ਉਸ ਵੇਲੇ ਆਇਆ ਹੈ ਜਦੋਂ ਸੁਪਰੀਮ ਕੋਰਟ ਦੇ ਹੁਕਮ ‘ਤੇ ਸੜਕਾਂ ਖੁੱਲ੍ਹਵਾਉਣ ਦੀ ਚਰਚਾ ਚੱਲ ਰਹੀ ਹੈ।

ਟਿਕੈਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਫ਼ਸਲ ਕਿਤੇ ਵੀ ਵੇਚ ਸਕਦੇ ਹਨ। ਜੇਕਰ ਸੜਕਾਂ ਖੁੱਲ੍ਹੀਆਂ ਤਾਂ ਅਸੀਂ ਆਪਣੀ ਫ਼ਸਲ ਵੇਚਣ ਲਈ ਸੰਸਦ ਵੀ ਜਾਵਾਂਗੇ। ਟਿਕੈਤ ਦਾ ਕਹਿਣਾ ਹੈ ਕਿ ਅਸੀਂ ਰਸਤਾ ਨਹੀਂ ਰੋਕਿਆ ਤੇ ਰੋਡ ਜਾਮ ਕਰਨਾ ਸਾਡੇ ਵਿਰੋਧ ਦਾ ਹਿੱਸਾ ਨਹੀਂ।

ਸੜਕਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪਟੀਸ਼ਨ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ। ਇਸ ਉੱਪਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਧਰਨੇ ਲਾਉਣ ਦਾ ਹੱਕ ਹੈ ਪਰ ਸੜਕਾਂ ਜਾਮ ਕਰਕੇ ਆਮ ਲੋਕਾਂ ਦਾ ਹੱਕ ਨਹੀਂ ਖੋਹੇ ਜਾ ਸਕਦੇ।

ਅਦਾਲਤ ਨੇ ਸਰਕਾਰ ਨੂੰ ਆਦੇਸ਼ ਦਿੱਤੇ ਸੀ ਕਿ ਮਸਲੇ ਦਾ ਕੋਈ ਹੱਲ਼ ਕੱਢਿਆ ਜਾਵੇ। ਅਦਾਲਤ ਨੇ ਕਿਸਾਨਾਂ ਤੋਂ ਵੀ ਜਵਾਬ ਮੰਗਿਆ ਸੀ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਸੜਕਾਂ ਜਾਮ ਨਹੀਂ ਕੀਤੀਆਂ, ਸਗੋਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਹੈ। ਪਿਛਲੇ ਦਿਨੀਂ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੇ ਬੈਰੀਕੇਡ ਹਟਾਉਣੇ ਵੀ ਸ਼ੁਰੂ ਕਰ ਦਿੱਤੇ ਸੀ।