ਸਿੱਧੂ ਦੇ ਕਹਿਣ ਤੇ ਕਾਂਗਰਸ ‘ਚ ਹੋਵਾਂਗਾ ਸ਼ਾਮਲ : ਯੋਗਰਾਜ ਸਿੰਘ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬੀ ਅਦਾਕਾਰ ਅਤੇ ਨਵਜੋਤ ਸਿੱਧੂ ਦੇ ਕਰੀਬੀ ਯੋਗਰਾਜ ਸਿੰਘ ਵੱਲੋਂ ਅੱਜ ਇਕ ਇੰਟਰਵਿਊ ਦੌਰਾਨ ਉਨ੍ਹਾਂ ਵੱਲੋਂ ਕਾਂਗਰਸ ’ਚ ਸ਼ਾਮਲ ਹੋਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਮੈਨੂੰ ਕਾਂਗਰਸ ’ਚ ਸ਼ਾਮਲ ਹੋਣ ਲਈ ਕਹੇਗਾ ਤਾਂ ਮੈਂ ਜ਼ਰੂਰ ਸ਼ਾਮਲ ਹੋਵਾਂਗਾ ਅਤੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਵੀ ਗੱਲ ਕਹੀ।

ਕਾਂਗਰਸ ਹਾਈਕਮਾਂਡ ਵਲੋਂ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦਾ ਫ਼ੈਸਲਾ ਪੰਜਾਬ ਦੀ ਸਿਆਸਤ ’ਚ ਲਿਆ ਗਿਆ ਇਕ ਸਖਤ ਅਤੇ ਸਹੀ ਫ਼ੈਸਲਾ ਹੈ। ਹਾਈਕਮਾਂਡ ਵੱਲੋਂ ਸਮੇਂ ਦੀ ਮੰਗ ਨੂੰ ਦੇਖਦਿਆਂ ਇਕ ਸਹੀ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਕੋਲ ਕਦੇ ਵੀ ਇੰਨੀ ਦੇਰ ਤੋਂ ਪੰਜਾਬ ’ਚ ਚੱਲ ਰਹੇ ਮੁੱਦਿਆਂ ਬਾਰੇ ਸਹੀ ਗੱਲ ਕਦੇ ਵੀ ਨਹੀਂ ਪੁੱਜੀ ਪਰ ਸਿੱਧੂ ਕਾਰਨ ਉਨ੍ਹਾਂ ਨੂੰ ਪੰਜਾਬ ਦੇ ਹਾਲਾਤ ਅਤੇ ਲੋਕਾਂ ਦੀਆਂ ਮੰਗਾਂ ਦੀ ਜਾਣਕਾਰੀ ਹਾਸਲ ਹੋਈ, ਜਿਸ ਤੋਂ ਬਾਅਦ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦਾ ਅਹਿਮ ਫ਼ੈਸਲਾ ਤੇ ਸਖਤ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਈਕਮਾਂਡ ਵੱਲੋਂ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦੇ ਨਾਲ 2022 ਦੀਆਂ ਚੋਣਾਂ ’ਚ ਅਗਲੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਐਲਾਨ ਦੇਣਾ ਚਾਹੀਦਾ ਸੀ ਤਾਂ ਕਿ ਸਾਰਾ ਰੌਲਾ-ਰੱਪਾ ਇਥੇ ਹੀ ਖਤਮ ਹੋ ਜਾਂਦਾ ।

ਨਵਜੋਤ ਸਿੱਧੂ ਮੇਰਾ ਪੁੱਤਰ ਹੋਣ ਦੇ ਨਾਲ-ਨਾਲ ਇਕ ਚੰਗਾ ਅਤੇ ਸੂਝਵਾਨ ਇਨਸਾਨ ਵੀ ਹੈ। ਉਸ ਨੂੰ ਪੰਜਾਬ ਦੇ ਮੁੱਦਿਆਂ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਪੂਰੀ ਜਾਣਕਾਰੀ ਹੈ ਅਤੇ ਉਹ ਹਰ ਮਸਲੇ ਨੂੰ ਹੱਲ ਕਰਨ ਦੀ ਪ੍ਰਤਿਭਾ ਰੱਖਦਾ ਹੈ। ਇਸ ਲਈ ਅਜਿਹੇ ਵਿਅਕਤੀ ਦੇ ਨਾਲ ਪੰਜਾਬ ਦੇ ਹਰ ਵਿਅਕਤੀ ਨੂੰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਇਸੇ ਕਾਰਨ ਯੋਗਰਾਜ ਸਿੰਘ ਵੀ ਉਸ ਨਾਲ ਹਰ ਮਸਲੇ ’ਤੇ ਖੜ੍ਹਾ ਹੈ। ਯੋਗਰਾਜ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ’ਤੇ ਦਿਲੋਂ ਕੋਈ ਖੁਸ਼ ਨਹੀਂ ਹੈ, ਉਸ ਦੇ ਅੱਗੇ ਬਹੁਤ ਔਕੜਾਂ ਹਨ। ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਆਵਾਜ਼ ਨੂੰ ਦੱਬਿਆ ਜਾਵੇਗਾ ਅਤੇ ਉਨ੍ਹਾਂ ਦੀ ਗੱਲ ਨੂੰ ਨਾ ਮੰਨਣ ’ਤੇ ਲੋਕਾਂ ’ਤੇ ਦਬਾਅ ਪਾਇਆ ਜਾਵੇਗਾ ਪਰ ਸਿੱਧੂ ਵੀ ਆਪਣੀ ਗੱਲ ਮੰਨਵਾਉਣ ’ਚ ਮਾਹਿਰ ਹਨ।