ਮੈਂ ਕਦੇ ਵੀ ਘਰ ਨਹੀਂ ਬੈਠਾਂਗਾ ਪਾਰਟੀ ਬਣਾਉਣ ਦਾ ਫ਼ੈਸਲਾ ਪੱਕਾ : ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਖ਼ਿਲਾਫ਼ ਖੁੱਲ੍ਹ ਕੇ ਬਗਾਵਤ ਸਾਹਮਣੇ ਆਈ ਹੈ। ਇਕ ਨਿੱਜ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਹਰ ਮੁੱਦੇ ’ਤੇ ਚਰਚਾ ਕੀਤੀ। ਪਾਰਟੀ ਬਣਾਉਣ ਦੇ ਕੀਤੇ ਗਏ ਐਲਾਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਦੇ ਵੀ ਘਰ ਨਹੀਂ ਬੈਠਾਂਗਾ।

ਮੈਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਚੁੱਕਿਆ ਹਾਂ ਅਤੇ ਵੱਖਰੀ ਪਾਰਟੀ ਬਣਾਵਾਂਗਾ। ਪੰਜਾਬ ਮੇਰਾ ਸੂਬਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਆਪਣੇ ਸਮੇਂ ਆਪਣੀ ਸਮਝ ਦੇ ਨਾਲ ਸਰਕਾਰ ਬਣਾਈ ਸੀ ਅਤੇ ਹੁਣ ਦਿੱਲੀ ਤੋਂ ਸਾਰੇ ਫ਼ੈਸਲੇ ਹੁੰਦੇ ਹਨ। ਮੈਂ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਪਾਰਟੀ ਛੱਡਣ ਦਾ ਕੋਈ ਅਫ਼ਸੋਸ ਨਹੀਂ ਹੈ।

ਅਸਤੀਫ਼ਾ ਦੇਣ ਦੌਰਾਨ ਹਾਈਕਮਾਨ ਵੱਲੋਂ ਸੱਦੀ ਗਈ ਵਿਧਾਇਕ ਦਲ ਦੀ ਮੀਟਿੰਗ ’ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਦੱਲ ਦੀ ਮੀਟਿੰਗ ਬੁਲਾਉਣ ਸਮੇਂ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ। ਵਿਧਾਇਕ ਦਲ ਦੀ ਮੀਟਿੰਗ ਨੂੰ ਲੈ ਕੇ ਰਾਤੋਂ-ਰਾਤ ਹੀ ਤੈਅ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਉਥੋਂ ਹੀ ਮੰਤਰੀਆਂ ਦੇ ਫ਼ੈਸਲੇ ਹੋ ਰਹੇ ਹਨ। ਮੈਂ ਅਜਿਹੇ ਹਾਲਾਤ ’ਚ ਕੰਮ ਨਹੀਂ ਕਰ ਸਕਦਾ ਸੀ, ਇਸੇ ਲਈ ਅਸਤੀਫ਼ਾ ਦੇ ਕੇ ਕਾਂਗਰਸ ਛੱਡਣ ਦਾ ਫ਼ੈਸਲਾ ਲਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਸੀਂ ਪੰਜਾਬ ’ਚ ਚੋਣਾਂ ਜਿੱਤ ਰਹੇ ਸੀ। ਮੈਂ ਸੋਨੀਆ ਗਾਂਧੀ ਨੂੰ ਕਿਹਾ ਚਿੱਠੀ ਵੀ ਲਿਖੀ ਸੀ ਕਿ ਚੋਣਾਂ ਜਿੱਤਣ ਦਿਓ, ਉਸ ਤੋਂ ਬਾਅਦ ਮੈਂ ਰਾਜਨੀਤੀ ਛੱਡ ਦੇਵੇਗਾਂ, ਪਾਰਟੀ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੇ ਪਰ ਮੈਨੂੰ ਦੱਸੇ ਬਿਨਾਂ ਹੀ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਫਿਰ ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਨੂੰ ਕਿਹਾ। ਮੈਂ ਪੰਜਾਬ ’ਚ ਸੁਰੱਖਿਆ ਦੇ ਖ਼ਤਰੇ ਅਤੇ ਕਿਸਾਨ ਅੰਦੋਲਨ ਨੂੰ ਛੱਡ ਕੇ ਘਰ ਨਹੀਂ ਬੈਠ ਸਕਦਾ, ਇਸ ਲਈ ਸੰਨਿਆਸ ਨਹੀਂ ਲਿਆ।

ਸਿੱਧੂ ਨੂੰ ਪ੍ਰਧਾਨ ਬਣਾ ਕੇ ਪਛਤਾਏਗੀ ਕਾਂਗਰਸ
ਉਥੇ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਪਛਤਾਏਗੀ। ਹਾਲਾਂਕਿ ਉਦੋਂ ਤੱਕ ਬੇਹੱਦ ਦੇਰ ਹੋ ਚੁੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ’ਚ ਰਹਿਣ ਭਾਵੇਂ ਨਾ ਪਰ ਹੁਣ ਕਾਂਗਰਸ ਦੇ ਲਈ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਉਹ ਕਦੇ ਵੀ ਕਾਂਗਰਸ ’ਚ ਨਹੀਂ ਜਾਣਗੇ।

ਭਾਜਪਾ ਨਾਲ ਗਠਜੋੜ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਹੀ ਭਾਜਪਾ ਨਾਲ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੈਲੀ ਕਰਨ ਦੀਆਂ ਗੱਲਾਂ ਸਿਰਫ਼ ਕਾਲਪਨਿਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਜਲਦ ਹਲ ਦਾ ਵੀ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਗੱਲਬਾਤ ਨਾਲ ਹੀ ਸੁਲਝੇਗਾ।

ਹੁਣ ਭਾਜਪਾ ਨਾਲ ਸਮੱਸਿਆ ਹੈ, ਜੇ ਹੱਲ ਹੋ ਜਾਵੇ ਤਾਂ ਕੋਈ ਸਮੱਸਿਆ ਨਹੀਂ ਰਹੇਗੀ। ਕੇਂਦਰ ਸਰਕਾਰ ਸੰਵਿਧਾਨ ’ਚ ਸੋਧ ਕਰਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ। ਉਸ ਦੇ ਬਾਅਦ ਕਿਸਾਨਾਂ ਨਾਲ ਗੱਲਬਾਤ ਕਰੇ। ਨਵਾਂ ਕਾਨੂੰਨ ਬਣਾ ਕੇ ਇਸ ਨੂੰ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਇਹ ਸਿਆਸੀ ਮੁੱਦਾ ਹੈ। ਸੁਪਰੀਮ ਕੋਰਟ ਇਸ ਦਾ ਫ਼ੈਸਲਾ ਨਹੀਂ ਕਰ ਸਕਦਾ।

ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਵੱਲੋਂ ਲੋਕਾਂ ਨੂੰ ਨਾ ਮਿਲਣ ਦੇ ਸਵਾਲ ’ਤੇ ਕਿਹਾ ਕਿ ਉਹ ਪੂਰੀ ਸਰਕਾਰ ਚਲਾ ਰਹੇ ਸਨ। ਇਕ ਮੁੱਖ ਮੰਤਰੀ ਪੰਜਾਬ ਦੇ 30 ਹਜ਼ਾਰ ਪਿੰਡਾਂ ’ਚ ਨਹੀਂ ਜਾ ਸਕਦਾ। ਇਸ ਦੇ ਲਈ ਅੱਗੇ ਮੰਤਰੀ ਹਨ, ਉਹ ਲੋਕਾਂ ਨੂੰ ਮਿਲਦੇ ਹਨ। ਮੁੱਖ ਮੰਤਰੀ ਦਾ ਕੰਮ ਕੰਟਰੋਲ ਕਰਨਾ ਹੁੰਦਾ ਹੈ, ਜਿਸ ਦਾ ਗਲਤ ਮਤਲਬ ਕੱਢਿਆ ਗਿਆ।

ਚਰਨਜੀਤ ਸਿੰਘ ਚੰਨੀ ਇਕ ਚੰਗੇ ਇਨਸਾਨ ਹਨ ਪਰ ਇਸ ਤਰ੍ਹਾਂ ਉਹ ਪੂਰੇ ਪੰਜਾਬ ’ਚ ਜਾ ਕੇ ਸਰਕਾਰ ਨਹੀਂ ਚਲਾ ਸਕਦੇ। ਮੰਤਰੀਆਂ ਨੂੰ ਫੀਲਡ ’ਚ ਦੌੜਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਚੰਨੀ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ।

More News

NRI Post
..
NRI Post
..
NRI Post
..