ICC ਨੇ ਬਦਲਿਆ ਉਹ ਨਿਯਮ ਜਿਸ ਕਾਰਨ ਇੰਗਲੈਂਡ ਬਣਿਆ ਸੀ ਵਰਲਡ ਚੈਂਪੀਅਨ

by

ਆਈਸੀਸੀ ਕ੍ਰਿਕਟ: ਇਸ ਸਾਲ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਸੁਪਰ ਓਵਰ ਵਿਚ ਮੈਚ ਟਾਈ ਰਹਿਣ 'ਤੇ ਨਿਊਜ਼ੀਲੈਂਡ ਖ਼ਿਲਾਫ਼ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵਿਵਾਦ ਵੀ ਹੋਇਆ। ਹੁਣ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸੋਮਵਾਰ ਨੂੰ ਸੁਪਰ ਓਵਰ ਦੇ ਨਿਯਮ ਵਿਚ ਤਬਦੀਲੀ ਕੀਤੀ। ਆਈਸੀਸੀ ਨੇ ਸਾਰੇ ਵੱਡੇ ਟੂਰਨਾਮੈਂਟਾਂ ਲਈ ਸੁਪਰ ਓਵਰ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ।

ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਫਾਈਨਲ ਵਿਚ ਦੋਵਾਂ ਟੀਮਾਂ ਨੇ ਬਰਾਬਰ 241 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਸੁਪਰ ਓਵਰ ਕੀਤਾ ਗਿਆ। ਸੁਪਰ ਓਵਰ ਵਿਚ ਵੀ ਦੋਵਾਂ ਟੀਮਾਂ ਨੇ 15-15 ਦੌੜਾਂ ਬਣਾਈਆਂ ਤੇ ਮੈਚ ਟਾਈ ਰਿਹਾ। ਇਸ ਤੋਂ ਬਾਅਦ ਜ਼ਿਆਦਾ ਬਾਊਂਡਰੀ ਲਾਉਣ ਕਾਰਨ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਵਿਵਾਦਤ ਨਿਯਮ ਕਾਰਨ ਆਈਸੀਸੀ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ।

ਆਈਸੀਸੀ ਨੇ ਕਿਹਾ ਕਿ ਆਈਸੀਸੀ ਕ੍ਰਿਕਟ ਕਮੇਟੀ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਸੀ) ਦੀ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਸੁਪਰ ਓਵਰ ਦਾ ਇਸਤੇਮਾਲ ਆਈਸੀਸੀ ਦੇ ਮੈਚਾਂ ਵਿਚ ਜਾਰੀ ਰਹੇਗਾ। ਇਸ ਨੂੰ ਤਦ ਤਕ ਕੀਤਾ ਜਾਵੇਗਾ ਜਦ ਤਕ ਟੂਰਨਾਮੈਂਟ ਦਾ ਨਤੀਜਾ ਸਪੱਸ਼ਟ ਤਰੀਕੇ ਨਾਲ ਨਾ ਨਿਕਲ ਜਾਵੇ। ਇਸ ਮਾਮਲੇ ਵਿਚ ਕ੍ਰਿਕਟ ਕਮੇਟੀ ਤੇ ਸੀਈਸੀ ਦੋਵੇਂ ਸਮਿਹਤ ਸਨ ਕਿ ਖੇਡ ਨੂੰ ਰੋਮਾਂਚਕ ਤੇ ਆਕਰਸ਼ਕ ਬਣਾਉਣ ਲਈ ਵਨ ਡੇ ਤੇ ਟੀ-20 ਵਿਸ਼ਵ ਕੱਪ ਦੇ ਸਾਰੇ ਮੈਚਾਂ ਵਿਚ ਇਸ ਦੀ ਵਰਤੋਂ ਕੀਤੀ ਜਾਵੇ।

ਸੁਪਰ ਓਵਰ ਦੇ ਨਵੇਂ ਨਿਯਮ

  1. ਜੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਵਿਚ ਸੁਪਰ ਓਵਰ ਵਿਚ ਵੀ ਦੋਵੇਂ ਟੀਮਾਂ ਬਰਾਬਰ ਦੌੜਾਂ ਬਣਾਉਂਦੀਆਂ ਹਨ ਤਾਂ ਫਿਰ ਤੋਂ ਸੁਪਰ ਓਵਰ ਹੋਵੇਗਾ। ਸੁਪਰ ਓਵਰ ਤਦ ਤਕ ਹੋਵੇਗਾ ਜਦ ਤਕ ਕੋਈ ਇਕ ਟੀਮ ਜੇਤੂ ਨਹੀਂ ਬਣ ਜਾਂਦੀ।
  2. ਗਰੁੱਪ ਪੱਧਰ 'ਤੇ ਜੇ ਸੁਪਰ ਓਵਰ ਤੋਂ ਬਾਅਦ ਵੀ ਮੈਚ ਟਾਈ ਰਹਿੰਦਾ ਹੈ ਤਾਂ ਉਸ ਨੂੰ ਟਾਈ ਮੰਨਿਆ ਜਾਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।