Cricket World Cup 2019 : ਸ਼੍ਰੀਲੰਕਾ ਲਈ ਖਤਰਾ ਬਣਨਗੇ ਅਫਗਾਨੀ!

by mediateam

ਖੇਡ ਡੈਸਕ: ਆਈ. ਸੀ. ਸੀ. ਵਿਸ਼ਵ ਕੱਪ ਵਿਚ ਡੈਬਿਊ ਕਰ ਰਹੀ ਮਜ਼ਬੂਤ ਇਰਾਦਿਆਂ ਵਾਲੀ ਅਫਗਾਨਿਸਤਾਨ ਲਈ ਇਹ ਮੰਦਭਾਗਾ ਰਿਹਾ ਕਿ ਉਸ ਨੂੰ ਆਪਣੇ ਪਹਿਲੇ ਹੀ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਆਸਟਰੇਲੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਮੰਗਲਵਾਰ ਨੂੰ ਉਸ ਕੋਲ ਹੋਰ ਏਸ਼ੀਆਈ ਟੀਮ ਸ਼੍ਰੀਲੰਕਾ ਵਿਰੁੱਧ ਵਾਪਸੀ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ, ਜਿਸ ਨੂੰ ਉਹ ਪਹਿਲਾਂ ਵੀ ਉਲਟਫੇਰ ਦਾ ਸ਼ਿਕਾਰ ਬਣਾ ਚੁੱਕੀ ਹੈ।

ਅਫਗਾਨਿਸਤਾਨ ਨੂੰ ਆਸਟਰੇਲੀਆ ਵਿਰੁੱਧ ਪਹਿਲੇ ਮੈਚ ਵਿਚ 7 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜਦਕਿ ਸ਼੍ਰੀਲੰਕਾਈ ਟੀਮ ਨੂੰ ਨਿਊਜ਼ੀਲੈਂਡ ਨੇ ਇਕਪਾਸੜ ਅੰਦਾਜ਼ ਵਿਚ 10 ਵਿਕਟਾਂ ਨਾਲ ਹਰਾਇਆ ਸੀ। ਦੋਵਾਂ ਹੀ ਏਸ਼ੀਆਈ ਟੀਮਾਂ ਵਿਚਾਲੇ ਮੰਗਲਵਾਰ ਨੂੰ ਕਾਰਡਿਫ ਵਿਚ ਹੋਣ ਵਾਲਾ ਮੁਕਾਬਲਾ ਕਾਫੀ ਰੋਮਾਂਚਕ ਹੋਵੇਗਾ, ਜਿਥੇ ਦੋਵਾਂ ਦੀ ਕੋਸ਼ਿਸ਼ ਵਾਪਸ ਲੈਅ ਹਾਸਲ ਕਰਨ ਦੀ ਹੋਵੇਗੀ, ਹਾਲਾਂਕਿ ਮੌਜੂਦਾ ਫਾਰਮ ਨੂੰ ਦੇਖਿਆ ਜਾਵੇ ਤਾਂ ਅਫਗਾਨ ਟੀਮ ਨੂੰ ਆਈ. ਸੀ. ਸੀ. ਟੂਰਨਾਮੈਂਟ ਦਾ ਭਾਵੇਂ ਹੀ ਕੋਈ ਤਜਰਬਾ ਨਾ ਹੋਵੇ ਪਰ ਸ਼੍ਰੀਲੰਕਾ 'ਤੇ ਉਸ ਨੂੰ ਭਾਰੀ ਮੰਨਿਆ ਜਾ ਰਿਹਾ ਹੈ।

ਸ਼੍ਰੀਲੰਕਾ ਨੂੰ ਆਪਣੇ ਦੋਵੇਂ ਅਭਿਆਸ ਮੈਚਾਂ ਵਿਚ ਦੱਖਣੀ ਅਫਰੀਕਾ ਤੋਂ 67 ਦੌੜਾਂ ਅਤੇ ਆਸਟਰੇਲੀਆ ਤੋਂ 5 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ, ਜਦਕਿ ਏਸ਼ੀਆ ਦੀ ਸਭ ਤੋਂ ਮਜ਼ਬੂਤੀ ਨਾਲ ਉੱਭਰਦੀ ਹੋਈ ਟੀਮ ਅਫਗਾਨਿਸਤਾਨ ਨੇ ਪਹਿਲੇ ਅਭਿਆਸ ਮੈਚ ਵਿਚ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ ਸੀ, ਹਾਲਾਂਕਿ ਉਹ ਦੂਜਾ ਮੈਚ ਇੰਗਲੈਂਡ ਹੱਥੋਂ ਹਾਰ ਗਈ ਸੀ। ਸਾਲ 2018 'ਚ 50 ਓਵਰਾਂ ਦੇ ਸਵਰੂਪ ਵਿਚ ਹੋਏ ਏਸ਼ੀਆ ਕੱਪ ਮੁਕਾਬਲੇ ਵਿਚ ਵੀ ਅਫਗਾਨਿਸਤਾਨ ਦੀ ਟੀਮ ਸ਼੍ਰੀਲੰਕਾ ਵਿਰੁੱਧ 91 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰ ਚੁੱਕੀ ਹੈ ਤੇ ਉਸ ਦੀ ਕੋਸ਼ਿਸ਼ ਮੰਗਲਵਾਰ ਨੂੰ ਇਸੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਪਣੀ ਪਹਿਲੀ ਇਤਿਹਾਸਕ ਜਿੱਤ ਦਰਜ ਕਰਨ ਦੀ ਹੋਵੇਗੀ।

ਹੋਰ ਨਵੀ ਖ਼ਬਰਾਂ ਲਈ ਜੁੜੇ ਰਹੀ United NRI Post ਦੇ ਨਾਲ।