ਜੇ ਇਸ ਵਾਰ ਹਾਰੇ ਤਾਂ 2024 ਵਿੱਚ ਦੁਬਾਰਾ ਚੋਣਾਂ ਲੜ ਸਕਦੇ ਨੇ ਟਰੰਪ

by vikramsehajpal

ਵਾਸ਼ਿੰਗਟਨ (ਐਨ.ਆਰ. ਆਈ. ਮੀਡਿਆ) : ਅਮਰੀਕੀ ਚੋਣਾਂ 2020 ਦਾ ਨਤੀਜਾ ਹੁਣ ਆਉਣ ਹੀ ਵਾਲਾ ਹੈ ਤੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੀ ਇਹ ਭਣਕ ਲੱਗ ਚੁੱਕੀ ਹੈ ਕਿ ਇਸ ਵਾਰੀ ਉਨ੍ਹਾਂ ਦੇ ਹੱਥ ਖਾਲੀ ਹੀ ਰਹਿਣ ਵਾਲੇ ਹਨ। ਪਰ ਇਹ ਕਨਸੋਆਂ ਮਿਲੀਆਂ ਹਨ ਕਿ ਟਰੰਪ ਇਹ ਫੈਸਲਾ ਕਰ ਚੁੱਕੇ ਹਨ ਕਿ ਜੇ ਇਸ ਵਾਰੀ ਜਿੱਤ ਨਸੀਬ ਨਾ ਹੋਈ ਤਾਂ 2024 ਵਿੱਚ ਉਹ ਦੁਬਾਰਾ ਚੋਣਾਂ ਲੜ ਸਕਦੇ ਹਨ। ਦੱਸ ਦਈਏ ਕਿ ਸੀ ਐਨ ਐਨ ਅਨੁਸਾਰ ਇਸ ਵਾਰੀ ਜੋਅ ਬਾਇਡਨ ਹੱਥੋਂ ਹਾਰਨ ਤੋਂ ਬਾਅਦ ਟਰੰਪ 2024 ਵਿੱਚ ਇੱਕ ਵਾਰੀ ਫਿਰ ਆਪਣੀ ਕਿਸਮਤ ਅਜ਼ਮਾਉਣੀ ਚਾਹੁੰਦੇ ਹਨ।

ਇਸ ਬਾਰੇ ਉਨ੍ਹਾਂ ਆਪਣੇ ਨਜ਼ਦੀਕੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ| ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਟਰੰਪ ਸੱਚਮੁੱਚ ਅਜਿਹਾ ਕਰਨਾ ਚਾਹੁੰਦੇ ਸਨ ਪਰ ਇਹ ਵਿਸ਼ਾ ਵਿਚਾਰਿਆ ਜ਼ਰੂਰ ਗਿਆ ਹੈ। ਅਮਰੀਕੀ ਸੰਵਿਧਾਨ ਅਨੁਸਾਰ ਟਰੰਪ 2024 ਵਿੱਚ ਇੱਕ ਵਾਰੀ ਫਿਰ ਰਾਸ਼ਟਰਪਤੀ ਚੋਣਾਂ ਲੜ ਸਕਦੇ ਹਨ ਜਾਂ ਫਿਰ ਆਪਣੇ ਬੱਚਿਆਂ ਵਿੱਚੋਂ ਕਿਸੇ ਇੱਕ ਜਿਵੇਂ ਕਿ ਇਵਾਂਕਾ ਜਾਂ ਡੌਨਲਡ ਸੀਨੀਅਰ ਨੂੰ ਵੀ ਮੈਦਾਨ ਵਿੱਚ ਉਤਾਰ ਸਕਦੇ ਹਨ।

ਟਰੰਪ ਕੈਂਪੇਨ 3 ਨਵੰਬਰ ਨੂੰ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਲੈ ਕੇ ਹੁਣ ਤੱਕ ਜਾਰਜੀਆ, ਮਿਸ਼ੀਗਨ ਤੇ ਪੈਨੇਸਿਲਵੇਨੀਆ ਵਿੱਚ ਕੇਸ ਦਾਇਰ ਕਰਨ ਵਿੱਚ ਰੁੱਝੀ ਹੋਈ ਹੈ। ਟਰੰਪ ਖੇਮੇ ਵੱਲੋਂ ਅਦਾਲਤ ਨੂੰ ਇਨ੍ਹਾਂ ਸਟੇਟਸ ਵਿੱਚ ਵੋਟਾਂ ਦੀ ਗਿਣਤੀ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਸਾਰੇ ਨਤੀਜਿਆਂ ਨੂੰ ਜਾਅਲੀ ਦੱਸਿਆ ਜਾ ਰਿਹਾ ਹੈ| ਹੁਣ ਤੱਕ ਮਿਸ਼ੀਗਨ ਤੇ ਜਾਰਜੀਆ ਇਨ੍ਹਾਂ ਕੇਸਾਂ ਨੂੰ ਰੱਦ ਕਰ ਚੁੱਕੇ ਹਨ।