ਇਸ ਦੇਸ਼ ‘ਚ ਜੇਕਰ ‘ਲਾਲ ਦਿਲ’ ਵਾਲਾ ਇਮੋਜੀ ਭੇਜਿਆ ਤਾਂ ਲੱਗੇਗਾ 20 ਲੱਖ ਜੁਰਮਾਨਾ ਤੇ ਹੋਵੇਗੀ ਜੇਲ੍ਹ

by jaskamal

ਨਿਊਜ਼ ਡੈਸਕ (ਜਸਕਮਲ) : ਸਾਊਦੀ ਅਰਬ 'ਚ ਵ੍ਹਟਸਐਪ 'ਤੇ "ਲਾਲ ਦਿਲ" ਵਾਲਾ ਇਮੋਜੀ ਭੇਜਣ 'ਤੇ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਮੈਸੇਜ ਭੇਜਣ ਵਾਲੇ 'ਤੇ 20 ਲੱਖ ਰੁਪਏ ਤਕ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਅਜਿਹਾ ਉਦੋਂ ਹੀ ਹੋਵੇਗਾ ਜਦੋਂ ਇਹ ਸੰਦੇਸ਼ ਪ੍ਰਾਪਤ ਕਰਨ ਵਾਲਾ ਪੁਲਸ ਨੂੰ ਸ਼ਿਕਾਇਤ ਕਰੇਗਾ। ਸਾਊਦੀ ਦੇ ਇਕ ਸਾਈਬਰ ਮਾਹਰ ਨੇ ਇਕ ਅਖਬਾਰ ਨੂੰ ਦੱਸਿਆ ਕਿ ਸਾਊਦੀ ਕਾਨੂੰਨ ਮੁਤਾਬਕ ਦੋਸ਼ੀ ਪਾਏ ਜਾਣ 'ਤੇ ਭੇਜਣ ਵਾਲੇ ਨੂੰ ਦੋ ਤੋਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਭੇਜਣ ਵਾਲੇ ਨੂੰ ਇਕ ਲੱਖ ਸਾਊਦੀ ਰਿਆਲ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਭਾਰਤੀ ਰੁਪਏ 'ਚ ਇਹ ਰਕਮ 20,00000 ਤੋਂ ਵੱਧ ਹੈ।

ਸਾਊਦੀ ਅਖ਼ਬਾਰ ਨੂੰ ਦਿੱਤੇ ਇਕ ਬਿਆਨ 'ਚ ਸਾਊਦੀ ਅਰਬ 'ਚ ਐਂਟੀ ਫਰਾਡ ਐਸੋਸੀਏਸ਼ਨ ਦੇ ਮੈਂਬਰ ਅਲ ਮੋਅਤਾਜ਼ ਕੁਤਾਬੀ ਨੇ ਕਿਹਾ ਕਿ ਵ੍ਹਟਸਐਪ 'ਤੇ ਲਾਲ ਦਿਲ ਵਾਲਾ ਇਮੋਜੀ ਭੇਜਣਾ ਪਰੇਸ਼ਾਨ ਕਰਨ ਵਾਲਾ ਅਪਰਾਧ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਪ੍ਰਾਪਤਕਰਤਾ ਆਨਲਾਈਨ ਚੈਟਿੰਗ ਦੌਰਾਨ ਕਿਸੇ ਤਸਵੀਰ ਜਾਂ ਇਮੋਜੀ ਨਾਲ ਕੇਸ ਦਰਜ ਕਰਦਾ ਹੈ ਤਾਂ ਇਹ ਪਰੇਸ਼ਾਨੀ ਅਪਰਾਧ ਦੀ ਸ਼੍ਰੇਣੀ 'ਚ ਆਵੇਗਾ। ਸਾਊਦੀ ਅਰਬ ਦੀ ਅਜਿਹੇ ਅਪਰਾਧਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਹੈ।

ਸਾਊਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਸ ਨੂੰ ਕਿਸੇ ਦੋ ਲੋਕਾਂ ਦੀ ਗੱਲਬਾਤ 'ਚ ਜ਼ਬਰੀ ਦਖਲ ਦੇਣ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਜਾਂ ਇਮੋਜੀ ਸ਼ੇਅਰ ਕਰਨ ਵਿਰੁੱਧ ਵੀ ਚਿਤਾਵਨੀ ਦਿੱਤੀ ਹੈ। ਐਸੋਸੀਏਸ਼ਨ ਦੇ ਮੈਂਬਰ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਾਹਮਣੇ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਰੈੱਡ ਹਾਰਟ ਇਮੋਜੀ ਭੇਜਣ ਤੋਂ ਬਚਣਾ ਚਾਹੀਦਾ ਹੈ। ਸਾਊਦੀ ਅਰਬ ਦੇ ਐਂਟੀ ਹਰਾਸਮੈਂਟ ਸਿਸਟਮ ਅਨੁਸਾਰ, ਹਰਾਸਮੈਂਟ ਨੂੰ ਬਿਆਨ, ਕਾਰਵਾਈ ਜਾਂ ਇਸ਼ਾਰੇ ਦੁਆਰਾ ਸਮਝਿਆ ਜਾ ਸਕਦਾ ਹੈ। ਇਸ 'ਚ ਰੈੱਡ ਹਾਰਟ ਇਮੋਜੀ ਨੂੰ ਸੈਕਸ ਕ੍ਰਾਈਮ ਨਾਲ ਜੋੜਿਆ ਗਿਆ ਹੈ।