ਨਾਜਾਇਜ਼ ਸ਼ਰਾਬ ਕੱਢਣ ਦਾ ਸਿਲਸਿਲਾ ਪੁਲਿਸ ਸਖਤੀ ਦੇ ਬਾਵਜੂਦ ਬਾਦਸਤੂਰ ਜਾਰੀ

by mediateam

ਜਗਰਾਓਂ : ਸਤਲੁਜ ਦਰਿਆ ਕੰਢੇ ਨਾਜਾਇਜ਼ ਸ਼ਰਾਬ ਕੱਢਣ ਦਾ ਸਿਲਸਿਲਾ ਪੁਲਿਸ ਸਖਤੀ ਦੇ ਬਾਵਜੂਦ ਬਾਦਸਤੂਰ ਜਾਰੀ ਹੈ। ਵੀਰਵਾਰ ਨੂੰ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਦੇ ਨਿਰਦੇਸ਼ਾਂ 'ਤੇ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਇੰਦਰਪਾਲ ਸਿੰਘ ਦੀ ਅਗਵਾਈ 'ਚ ਪੁਲਿਸ ਫੋਰਸ ਨੇ ਫਿਰ ਸਿੱਧਵਾਂ ਬੇਟ ਏਰੀਏ ਦੇ ਪਿੰਡ ਕੋਟਉਮਰਾ ਇਲਾਕੇ ਵਿਚ ਸਰਚ ਅਭਿਆਨ ਛੇੜਿਆ। ਇਸ ਦੌਰਾਨ ਏਐੱਸਆਈ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦਰਿਆ ਸਤਲੁਜ ਦੇ ਅੰਦਰ ਜ਼ਮੀਨ ਵਿਚ ਟੋਏ ਪੁੱਟ ਕੇ ਡਿੱਗੀਆਂ ਬਣਾ ਕੇ ਨਾਜਾਇਜ਼ ਸ਼ਰਾਬ ਕਸੀਦ ਕਰਨ ਲਈ ਰੱਖੀ 23 ਹਜ਼ਾਰ ਕਿੱਲੋ ਲਾਹਣ ਬਰਾਮਦ ਹੋਈ।

ਇਸੇ ਥਾਂ ਤੋਂ ਪੁਲਿਸ ਫੋਰਸ ਨੂੰ 510 ਬੋਤਲਾਂ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀਆਂ ਗਈਆਂ। ਹੌਲਦਾਰ ਗੀਤਇੰਦਰਪਾਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੂੰ ਦੇਖ ਕੇ ਗੁਲਜ਼ਾਰ ਸਿੰਘ ਉਰਫ ਬੰਟੀ ਨਾਜਾਇਜ਼ ਸ਼ਰਾਬ ਦੀਆਂ 120 ਬੋਤਲਾਂ ਸ਼ਰਾਬ ਛੱਡ ਕੇ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਵੱਖ-ਵੱਖ ਮੁਕੱਦਮੇ ਦਰਜ ਕੀਤੇ।