ਜਲੰਧਰ (ਰਾਘਵ): ਪੰਜਾਬ ਵਿਚ ਬਾਰਿਸ਼ ਅਤੇ ਗੜੇਮਾਰੀ ਹੋਣ ਕਾਰਨ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ ਹੈ। 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਵੀ ਸੂਤ ਦਿੱਤੇ ਹਨ। ਬੀਤੇ ਦਿਨ ਜਿੱਥੇ ਪਠਾਨਕੋਟ, ਬਟਾਲਾ, ਮਾਨਸਾ, ਭਵਾਨੀਗੜ੍ਹ, ਭਦੌੜ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਗੜੇਮਾਰੀ ਹੋਈ, ਉਥੇ ਹੀ ਜਲੰਧਰ, ਤਰਨਤਾਰਨ ਅਤੇ ਹੋਰ ਕਈ ਇਲਾਕਿਆਂ ਵਿੱਚ ਸ਼ਾਮ ਸਮੇਂ ਤੇਜ਼ ਗੜੇਮਾਰੀ ਹੋਈ। ਮੌਸਮ ਵਿਭਾਗ ਮੁਤਾਬਕ ਅਗਲੇ ਇਕ-ਦੋ ਦਿਨ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ। ਪਠਾਨਕੋਟ, ਬਟਾਲਾ, ਗੁਰਦਾਸਪੁਰ, ਜਲੰਧਰ, ਤਰਨਤਾਰਨ ਅਤੇ ਪਟਿਆਲਾ ਵਿਚ ਮੌਸਮ ਹੋਰ ਵਿਗੜ ਸਕਦਾ ਹੈ।



