ਪੰਜਾਬ ‘ਚ ਮੁਫਤ ਅਨਾਜ ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ

by nripost

ਚੰਡੀਗੜ੍ਹ (ਰਾਘਵ): ਮੌਜੂਦਾਂ ਸਮੇਂ ’ਚ ਪੰਜਾਬ ਦੇ ਗਰੀਬ ਵਰਗ ਦੇ ਲੋਕ ਅਤੇ ਨੀਲੇ ਕਾਰਡ ਹੋਲਡਰ ਜੋ ਕਿ ਇਸ ਸਮੇਂ ਸੂਬਾ ਤੇ ਕੇਂਦਰ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਰਹੇ ਹਨ ਅਤੇ ਅਜਿਹੇ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਤਹਿਤ ਹਰ ਤਿਮਾਹੀ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਹਰੇਕ ਖਪਤਕਾਰ ਦੀ ਈ. ਕੇ. ਵਾਈ. ਸੀ. ਕੀਤੀ ਜਾ ਰਹੀ ਹੈ, ਜੋ ਇਸ ਵੇਲੇ ਅੰਤਿਮ ਪੜਾਅ ’ਤੇ ਹੈ। ਸਰਕਾਰ ਵੱਲੋਂ ਅਜਿਹੇ ਖਪਤਕਾਰਾਂ ਨੂੰ ਆਪਣੀ ਈ. ਕੇ. ਵਾਈ. ਸੀ. ਕਰਵਾਉਣ ਲਈ 30 ਜੂਨ 2025 ਤੱਕ ਦਾ ਸਮਾਂ ਨਿਰਧਾਰਿਤ ਕੀਤਾ ਜਾ ਚੁੱਕਾ ਹੈ। ਜੋ ਖਪਤਕਾਰ 30 ਜੂਨ ਤੋਂ ਪਹਿਲਾਂ-ਪਹਿਲਾਂ ਸਰਕਾਰ ਦੀ ਇਸ ਸਕੀਮ ਨਾਲ ਜੁੜ ਕੇ ਆਪਣੀ ਈ. ਕੇ. ਵਾਈ. ਸੀ. ਕਰਵਾਉਣਗੇ, ਉਹੋ ਹੀ ਮੁਫਤ ਅਨਾਜ਼ ਜਾਂ ਹੋਰ ਸਕੀਮਾਂ ਦਾ ਲਾਭ ਉਠਾ ਸਕਣਗੇ।

ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਤਹਿਤ ਮੌਜੂਦਾ ਸਮੇਂ ’ਚ ਪੰਜਾਬ ਦੇ 40 ਲੱਖ 24 ਹਜ਼ਾਰ ਰਾਸ਼ਨ ਕਾਰਡ ਧਾਰਕਾਂ ਦੇ ਇਕ ਕਰੋੜ 54 ਲੱਖ 29 ਹਜ਼ਾਰ ਮੈਂਬਰ ਜੁੜੇ ਹੋਏ ਹਨ, ਜੋ ਮੁਫਤ ਰਾਸ਼ਨ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ। ਪ੍ਰਾਪਤ ਵੇਰਵਿਆ ਅਨੁਸਾਰ ਡੇਢ ਕਰੋੜ ਲਾਭਪਾਤਰੀਆਂ ’ਚੋਂ ਹੁਣ ਤੱਕ ਇਕ ਕਰੋੜ 26 ਲੱਖ 14 ਹਜ਼ਰ 865 ਮੈਂਬਰਾਂ ਨੇ ਹੀ ਈ. ਕੇ. ਵਾਈ. ਸੀ. ਕਰਵਾਈ ਹੈ, ਜਦੋਂ 28 ਲੱਖ 14 ਹਜ਼ਾਰ 267 ਮੈਂਬਰਾਂ ਦੇ ਰਜਿਸਟਰਡ ਨਾ ਹੋਣ ’ਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਉਨ੍ਹਾਂ ਦੇ ਨਾਂ ਪੋਰਟਲ ’ਚੋਂ ਡਿਲੀਟ ਕਰ ਦਿੱਤੇ ਜਾਣਗੇ, ਜਿਸ ਨਾਲ ਇਹ ਲੋਕ ਮੁਫਤ ਅਨਾਜ ਸਕੀਮ ਤੋਂ ਵਾਂਝੇ ਰਹਿ ਜਾਣਗੇ। ਵਰਨਣਯੋਗ ਹੈ ਕਿ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਹਰ ਤਿਮਾਹੀ ’ਤੇ 15 ਕਿਲੋ ਪ੍ਰਤੀ ਮੈਂਬਰ ਮੁਫ਼ਤ ਕਣਕ ਦੇ ਰਹੀ ਹੈ, ਜੋ ਸੂਬੇ ਦੇ ਡਿਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਮੁਫਤ ਵਿਤਰਤ ਕੀਤੀ ਜਾ ਰਹੀ ਹੈ।