ਚੰਡੀਗੜ੍ਹ (ਰਾਘਵ): ਪੰਜਾਬ ਦੇ 30 ਲੱਖ ਦੇ ਕਰੀਬ ਪਰਿਵਾਰਾਂ ਲਈ ਵੱਡੇ ਖ਼ਤਰੇ ਦੀ ਘੰਟੀ ਹੈ। ਦਰਅਸਲ ਸਰਕਾਰ ਵਲੋਂ ਸੂਬੇ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਈ-ਕੇ. ਵਾਈ. ਸੀ. ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਜਿਨ੍ਹਾਂ ਪਰਿਵਾਰਾਂ ਨੇ 31 ਅਗਸਤ ਤੱਕ ਇਹ ਨਾ ਕਰਵਾਈ ਤਾਂ ਫਿਰ ਉਨ੍ਹਾਂ ਦਾ ਰਾਸ਼ਨ ਕਾਰਡ ਕੱਟਿਆ ਜਾ ਸਕਦਾ ਹੈ। ਇਨ੍ਹਾਂ ਲਾਭਪਾਤਰੀਆਂ ਦੀ ਈ-ਕੇ. ਵਾਈ. ਸੀ. ਪਿਛਲੇ ਸਾਲ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ ਮਾਰਚ 2025 ਤੱਕ ਡੈੱਡਲਾਈਨ ਸੀ, ਜਿਸ 'ਚ 30 ਅਪ੍ਰੈਲ ਤੱਕ ਵਾਧਾ ਕੀਤਾ ਗਿਆ।
ਫਿਰ ਇਹ ਤਾਰੀਖ਼ 30 ਜੂਨ ਅਤੇ ਇਸ ਤੋਂ ਬਾਅਦ 7 ਜੁਲਾਈ ਤੱਕ ਵਧਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਹੁਣ ਅਸੀਂ ਫਿਰ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਤਾਰੀਖ਼ ਨੂੰ 31 ਅਗਸਤ ਤੱਕ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਅਨਾਜ ਤੋਂ ਵਾਂਝਾ ਨਾ ਰਹੇ। ਮੰਤਰੀ ਕਟਾਰੂਚੱਕ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡਿਪੂ 'ਤੇ ਜਾ ਕੇ ਜਾਂ ਆਪਣੇ ਘਰ ਬੈਠੇ ਮੋਬਾਇਲ 'ਤੇ ਈ-ਕੇ. ਵਾਈ. ਸੀ. ਜ਼ਰੂਰ ਕਰਵਾਉਣ।
ਪੂਰੇ ਪੰਜਾਬ 'ਚ 30 ਲੱਖ ਲਾਭਪਾਤਰੀ ਅਜਿਹੇ ਹਨ, ਜਿਨ੍ਹਾਂ ਦੀ ਈ-ਕੇ. ਵਾਈ. ਸੀ. ਅਜੇ ਤੱਕ ਨਹੀਂ ਹੋਈ ਹੈ, ਉਹ ਜਲਦੀ ਤੋਂ ਜਲਦੀ ਇਹ ਕੰਮ ਕਰਵਾ ਲੈਣ ਤਾਂ ਜੋ ਕੋਈ ਵੀ ਅਨਾਜ ਤੋਂ ਵਾਂਝਾ ਨਾ ਰਹੇ। ਮੰਤਰੀ ਨੇ ਦੱਸਿਆ ਕਿ ਜਿੰਨੇ ਲੋਕਾਂ ਨੇ ਈ-ਕੇ. ਵਾਈ. ਸੀ. ਕਰਵਾ ਲਈ ਹੈ, ਉਨ੍ਹਾਂ ਨੂੰ ਕਣਕ ਵੰਡ ਦਿੱਤੀ ਗਈ ਹੈ ਅਤੇ ਜਿਹੜੇ ਰਹਿ ਗਏ ਹਨ, ਜਦੋਂ ਉਹ ਡਿਪੂ 'ਤੇ ਆ ਕੇ ਈ-ਕੇ. ਵਾਈ. ਸੀ. ਕਰਵਾ ਲੈਣਗੇ ਤਾਂ ਉਨ੍ਹਾਂ ਨੂੰ ਵੀ ਨਾਲ ਦੀ ਨਾਲ ਕਣਕ ਵੰਡ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਦੀ ਕਣਕ ਨਹੀਂ ਕੱਟੀ ਜਾਵੇਗੀ।



