ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕੀਤਾ ਵੱਡਾ ਐਲਾਨ

by nripost

ਚੰਡੀਗੜ੍ਹ (ਰਾਘਵ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਜਾਂ ਕੁਦਰਤੀ ਆਫ਼ਤਾਂ ਨਾਲ ਸਬੰਧਤ ਘਟਨਾਵਾਂ ਦੌਰਾਨ ਪ੍ਰਤੀਕਿਰਿਆ ਕਰਨ ਦੇ ਢੰਗ-ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਬਿਜਲੀ ਦੇ ਕਰੰਟ ਜਾਂ ਅੱਗ ਲੱਗਣ ਵਰਗੀ ਕਿਸੇ ਵੀ ਐਮਰਜੈਂਸੀ ਹਾਲਾਤ ਤੋਂ ਬਚਣ ਸਬੰਧੀ ਪ੍ਰਬੰਧ ਕਰਨ ਲਈ 4 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ ਹਨ। ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਨੂੰ ਪੁਲਸ-112, ਫਾਇਰ-101, ਐਂਬੂਲੈਂਸ-108, ਮਹਿਲਾ ਹੈਲਪਲਾਈਨ-1091, ਟਰੈਫਿਕ ਹੈਲਪਲਾਈਨ-1073 ਅਤੇ ਚਾਈਲਡ ਹੈਲਪਲਾਈਨ-1098 ਆਦਿ ਵਰਗੇ ਐਮਰਜੈਂਸੀ ਹੈਲਪਲਾਈਨ ਨੰਬਰ ਵਾਲੇ ਡਿਸਪਲੇਅ ਬੋਰਡ ਲਗਾਉਣ ਲਈ ਫੰਡਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।