ਚੰਡੀਗੜ੍ਹ (ਰਾਘਵ): ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੀਆਂ ਲੋੜਵੰਦ ਮਹਿਲਾਵਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ 181 ਯੋਜਨਾ ਚਲਾਈ ਜਾ ਰਹੀ ਹੈ। ਸੂਬੇ ਦੀਆਂ ਮਹਿਲਾਵਾਂ ਲਈ ਮਹਿਲਾ ਹੈਲਪਲਾਈਨ 181ਵਰਦਾਨ ਸਾਬਿਤ ਹੋ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਮਹਿਲਾਵਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ 181 ਯੋਜਨਾ ਇਕ ਬਿਹਤਰੀਨ ਉਪਰਾਲਾ ਹੈ ਜਿਸ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਨੂੰ 24 ਘੰਟੇ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਮਹਿਲਾ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਜਾ ਧੱਕਾ ਹੋ ਰਿਹਾ ਹੋਵੇ, ਉਹ ਹੈਲਪਲਾਈਨ 181 'ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਲੋੜਵੰਦ ਔਰਤਾਂ ਵੱਲੋਂ ਮਹਿਲਾ ਹੈਲਪਲਾਈਨ 'ਤੇ ਰੋਜ਼ਾਨਾ 150 ਦੇ ਕਰੀਬ ਕਾਲਾਂ ਕੀਤੀਆਂ ਜਾਂਦੀਆਂ ਹਨ। ਹਰ ਮਹੀਨੇ 4 ਤੋਂ 5 ਹਜ਼ਾਰ ਦੇ ਕਰੀਬ ਲੋੜਵੰਦ ਔਰਤਾਂ ਨੂੰ ਹੈਲਪਲਾਈਨ ਰਾਹੀਂ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬੇਇਨਸਾਫ਼ੀ ਜਾਂ ਹਿੰਸਾ ਦਾ ਸਾਹਮਣਾ ਕਰ ਰਹੀ ਕੋਈ ਵੀ ਲੋੜਵੰਦ ਔਰਤ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਇਸ ਹੈਲਪਲਾਈਨ 'ਤੇ ਕਾਲ ਕਰਕੇ ਮਦਦ ਮੰਗ ਸਕਦੀ ਹੈ। ਰਾਜ ਵਿੱਚ ਸਥਾਪਿਤ ਵਨ-ਸਟਾਪ ਸੈਂਟਰਾਂ ਅਤੇ ਵਿਭਾਗ ਅਧੀਨ ਚੱਲਦੇ ਦਫ਼ਤਰਾਂ ਰਾਹੀਂ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ।



