ਜਲੰਧਰ ‘ਚ ਅੱਧੀ ਸਰਕਾਰ ‘ਆਪ’ ਦੀ ਤੇ ਅੱਧੀ ਕਾਂਗਰਸ ਦੀ, ਹੁਣ ਨਿਗਮ ਅਧਿਕਾਰੀ ਦੁਬਿਧਾ ‘ਚ, ਕਿ ਮੰਨੀਏ ਕੀਹਦੀ!

by jaskamal

ਨਿਊਜ਼ ਡੈਸਕ : ਪੰਜਾਬ 'ਚ ਆਮ ਆਦਮੀ ਪਾਰਟੀ ਨੇ 92 ਸੀਟਾਂ ਹਾਸਲ ਕਰ ਕੇ ਇਤਿਹਾਸਕ ਜਿੱਤ ਤਾਂ ਪ੍ਰਾਪਤ ਕਰ ਲਈ ਹੈ ਪਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਹਾਲੇ ਇਥੇ ਅੱਧੀ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਅੱਧੀ ਕਾਂਗਰਸ ਦੀ ਹੈ ਕਿਉਂਕਿ ਚਾਰੋਂ ਸ਼ਹਿਰੀ ਸੀਟਾਂ 'ਚੋਂ 2 ਕਾਂਗਰਸੀ ਵਿਧਾਇਕ ਵੀ ਜਿੱਤੇ ਹਨ। ਜਲੰਧਰ ਉੱਤਰੀ 'ਚ ਦਿਨੇਸ਼ ਢੱਲ ਦੇ ਮੁਕਾਬਲੇ ਬਾਵਾ ਹੈਨਰੀ ਤੇ ਜਲੰਧਰ ਕੈਂਟ ’ਚ ਸੋਢੀ ਦੇ ਮੁਕਾਬਲੇ ਪਰਗਟ ਸਿੰਘ ਜੇਤੂ ਰਹੇ ਪਰ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਦਿਨੇਸ਼ ਢੱਲ ਤੇ ਸੋਢੀ ਦਾ ਕਿੰਨਾ ਦਬਦਬਾ ਰਹੇਗਾ, ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ। ਜੇਕਰ ਨਗਰ ਨਿਗਮ ਵਰਗੇ ਸਰਕਾਰੀ ਵਿਭਾਗ ਅਜੇ ਵੀ ਬਾਵਾ ਹੈਨਰੀ ਅਤੇ ਪਰਗਟ ਸਿੰਘ ਦੀਆਂ ਗੱਲਾਂ ਮੰਨਦੇ ਹਨ ਤਾਂ ‘ਆਪ’ ਲੀਡਰਸ਼ਿਪ ਦਾ ਕੀ ਸਟੈਂਡ ਹੋਵੇਗਾ, ਇਸ ’ਤੇ ਵੀ ਭਵਿੱਖ ਦੀ ਸਿਆਸਤ ਨਿਰਭਰ ਕਰਦੀ ਹੈ।

ਭਾਵੇਂ ਆਮ ਆਦਮੀ ਪਾਰਟੀ ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਤੇ ਸਾਫ-ਸੁਥਰਾ ਸਿਸਟਮ ਦੇਣ ਦੇ ਵਾਅਦੇ ਜ਼ੋਰ-ਸ਼ੋਰ ਨਾਲ ਕਰੀ ਜਾ ਰਹੀ ਹੈ ਪਰ ਪਾਰਟੀ ਦੇ ਕਈ ਆਗੂ ਵੀ ਅਧਿਕਾਰੀਆਂ ’ਤੇ ਇਹ ਦਬਾਅ ਬਣਾਉਣ ਲੱਗ ਗਏ ਹਨ। ਜਲੰਧਰ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਨਾਜਾਇਜ਼ ਬਿਲਡਿੰਗਾਂ ਨੂੰ ਲੈ ਕੇ ਸ਼ਹਿਰ ਦੇ ‘ਆਪ’ ਆਗੂਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ਕੁਝ ਮਾਮਲੇ ਮਖਦੂਮਪੁਰਾ ਦੇ ਟੈਂਟ ਹਾਊਸ ਦੀ ਬਿਲਡਿੰਗ, ਪੀਰ ਬੋਦਲਾਂ ਬਾਜ਼ਾਰ ਦੇ ਨਾਜਾਇਜ਼ ਨਿਰਮਾਣ ਤੇ ਬਬਰੀਕ ਚੌਂਕ ਤੋਂ ਅੱਡਾ ਬਸਤੀ ਸ਼ੇਖ ਵੱਲ ਜਾਣ ਵਾਲੀ ਸੜਕ ਕੰਢੇ ਬਣ ਰਹੀ ਨਾਜਾਇਜ਼ ਬਿਲਡਿੰਗ ਨਾਲ ਸਬੰਧਤ ਹਨ, ਜਿਥੇ ਨਿਗਮ ਅਧਿਕਾਰੀ ‘ਆਪ’ ਆਗੂਆਂ ਦੇ ਦਬਾਅ ਵਿਚ ਹਨ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਆਗੂ ਸ਼ਹਿਰ ਵਿਚ ਨਾਜਾਇਜ਼ ਨਿਰਮਾਣਾਂ, ਨਾਜਾਇਜ਼ ਕਾਲੋਨੀਆਂ ਅਤੇ ਹੋਰ ਨਾਜਾਇਜ਼ ਕੰਮਾਂ ਨੂੰ ਸਰਪ੍ਰਸਤੀ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਸਖ਼ਤੀ ਨਾਲ ਬੰਦ ਕਰਵਾਉਂਦੇ ਹਨ।