ਖੇਤੀ ਕਾਨੂੰਨ ਵਿਰੋਧ ‘ਚ ਸਿੱਧੂ ਨੇ ਆਪਣੇ ਕੋਠੀ ਤੇ ਲਾਇਆ ਕਾਲਾ ਝੰਡਾ

by vikramsehajpal

ਪਟਿਆਲਾ (ਦੇਵ ਇੰਦਰਜੀਤ) : ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਦੀ ਸਵੇਰ ਟਵੀਟ 'ਤੇ ਆਪਣੇ ਘਰ 'ਤੇ ਕਾਲਾ ਝੰਡਾ ਲਹਿਰਾਉਣ ਦੀ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕਿਸਾਨ ਉਡੀਕ ਰਿਹਾ ਹੈ ਕਿ ਕਦੋਂ ਪੰਜਾਬ ਆਪਣੀ ਖ਼ੁਦਮੁਖਤਿਆਰੀ ਦੀ ਰਾਹ 'ਤੇ ਚੱਲੇਗਾ।ਅੰਮ੍ਰਿਤਸਰ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਸਥਿਤ ਆਪਣੀ ਨਿੱਜੀ ਰਿਹਾਇਸ਼ ਦੀ ਛੱਤ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨੀ ਮੋਰਚੇ ਦੇ ਹੱਕ ਵਿਚ ਕਾਲਾ ਝੰਡਾ ਲਗਾ ਦਿੱਤਾ ਹੈ। ਹਾਲਾਂਕਿ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਕੋਠੀ 'ਤੇ ਕਾਲਾ ਝੰਡਾ ਉਨ੍ਹਾਂ ਦੀ ਬੇਟੀ ਰਾਬੀਆ ਨੇ ਲਗਾਇਆ।

ਸਿੱਧੂ ਨੇ ਕਿਹਾ ਕਿ ਕਰੀਬ ਪੱਚੀ ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਹੈ। ਆਮਦਨ ਅਤੇ ਉਪਜ ਦੋਵੇਂ ਘਟ ਰਹੇ ਹਨ ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਹੈ। ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਕਿਸਾਨ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ਤੇ ਪੰਜਾਬ ਵੀ ਪੱਛੜ ਕੇ ਰਹਿ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਅਤੇ ਜਦ ਤਕ ਸਿਸਟਮ ਬਦਲਿਆ ਨਹੀਂ ਜਾਂਦਾ ਉਦੋਂ ਤਕ ਉਨ੍ਹਾਂ ਦੇ ਘਰ ਦੀ ਛੱਤ 'ਤੇ ਇਕ ਕਾਲਾ ਝੰਡਾ ਲਹਿਰਾਉਂਦਾ ਰਹੇਗਾ।