ਪਿਛਲੇ 24 ਘੰਟਿਆਂ ’ਚ ਦੇਸ਼ ਵਿਚ ਕੋਰੋਨਾ ਦੇ 60,471 ਨਵੇਂ ਮਾਮਲੇ ਅਤੇ 2,726 ਮਰੀਜ਼ਾਂ ਦੀ ਮੌਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਰਾਹਤ ਦੀ ਖ਼ਬਰ ਇਹ ਹੈ ਕਿ ਇਕ ਦਿਨ ’ਚ 1,17,525 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ ਅਤੇ ਹੁਣ ਤੱਕ ਕੁੱਲ 2,82,80,472 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ 3.09 ਫ਼ੀਸਦੀ, ਰਿਕਵਰੀ ਦਰ 95.64 ਫ਼ੀਸਦੀ ਅਤੇ ਮੌਤ ਦਰ 1.28 ਫ਼ੀਸਦੀ ਹੈ। ਜੇਕਰ ਕੋਰੋਨਾ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 25,90,44,072 ਕੋਰੋਨਾ ਟੀਕੇ ਦੀ ਖ਼ੁਰਾਕ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸ ਦਰਮਿਆਨ ਸੋਮਵਾਰ ਨੂੰ 39,27,154 ਲੋਕਾਂ ਨੂੰ ਕੋਰੋਨਾ ਟੀਕੇ ਲਾਏ ਗਏ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਕੀਤੀ ਗਈ।

ਦੇਸ਼ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਤੋਂ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਕੋਰੋਨਾ ਦੇ 60,471 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਪਿਛਲੇ 75 ਦਿਨਾਂ ਵਿਚ ਸਭ ਤੋਂ ਘੱਟ ਹਨ। ਉੱਥੇ ਹੀ ਇਸ ਦੌਰਾਨ 2,726 ਮਰੀਜ਼ਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2,95,70,881 ਹੋ ਗਿਆ ਹੈ ਅਤੇ ਮਿ੍ਰਤਕਾਂ ਦਾ ਅੰਕੜਾ 3,77,031 ਤੱਕ ਪਹੁੰਚ ਗਿਆ ਹੈ। ਅਜੇ ਦੇਸ਼ ਵਿਚ 9,13,378 ਸਰਗਰਮ ਮਾਮਲੇ ਹਨ।

ਓਧਰ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦਰਮਿਆਨ ਇਸ ਦੇ ਖ਼ਿਲਾਫ਼ ਲੜਾਈ ਤੇਜ਼ ਕੀਤੀ ਗਈ ਹੈ। ਦਿੱਲੀ ਦੇ ਏਮਜ਼ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਵੈਕਸੀਨ ਦੇ ਟਰਾਇਲ ਲਈ 6 ਤੋਂ 12 ਸਾਲ ਦੇ ਬੱਚਿਆਂ ਦੀ ਚੋਣ ਕੀਤੀ ਜਾਵੇਗੀ। 6 ਤੋਂ 12 ਸਾਲ ਦੇ ਬੱਚਿਆਂ ’ਤੇ ਕਲੀਨਿਕਲ ਟਰਾਇਲ ਹੋਣ ਤੋਂ ਬਾਅਦ 2 ਤੋਂ 6 ਸਾਲ ਦੇ ਬੱਚਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਦਿੱਲੀ ਏਮਜ਼ ਵਿਚ 12 ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।