ਅਮਰੀਕਾ-ਮੈਕਸੀਕੋ ‘ਚ ਸਮਝੌਤਾ, ਟਰੰਪ ਨੇ ਸਾਮਾਨ ‘ਤੇ ਡਿਊਟੀ ਲਗਾਉਣ ਦੀ ਯੋਜਨਾ ਟਾਲੀ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸ਼ਰਨਾਰਥੀ ਮਸਲੇ 'ਤੇ ਮੈਕਸੀਕੋ ਨਾਲ ਸਮਝੌਤਾ ਹੋ ਗਿਆ ਹੈ। ਇਸ ਲਈ ਇਸ ਗੁਆਂਢੀ ਦੇਸ਼ ਰਸ਼ੀਆ ਤੋਂ ਆਉਣ ਵਾਲੇ ਸਾਮਾਨ 'ਤੇ ਡਿਊਟੀ ਲਗਾਉਣ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਮੈਕਸੀਕੋ ਮੱਧ ਅਮਰੀਕੀ ਸ਼ਰਨਾਰਥੀਆਂ ਨੂੰ ਅਮਰੀਕਾ 'ਚ ਨਾਜਾਇਜ਼ ਤਰੀਕੇ ਨਾਲ ਦਾਖ਼ਲ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਰਾਜ਼ੀ ਹੋ ਗਿਆ ਹੈ। ਟਰੰਪ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਸ਼ਰਨਾਰਥੀਆਂ ਨੂੰ ਲੈ ਕੇ ਜੇਕਰ ਕੋਈ ਸਮਝੌਤਾ ਨਹੀਂ ਹੋ ਸਕਿਆ ਤਾਂ ਮੈਕਸੀਕੋ ਤੋਂ ਦਰਾਮਦ ਹੋਣ ਵਾਲੇ ਸਾਮਾਨ 'ਤੇ 10 ਜੂਨ ਤੋਂ ਪੰਜ ਫ਼ੀਸਦੀ ਡਿਊਟੀ ਲਗਾ ਦਿੱਤੀ ਜਾਵੇਗੀ। ਇਹ ਡਿਊਟੀ ਹਰ ਮਹੀਨੇ ਤਦ ਤਕ ਵੱਧਦੀ ਜਾਵੇਗੀ ਜਦੋਂ ਤਕ ਨਾਜਾਇਜ਼ ਸ਼ਰਨਾਰਥੀਆਂ ਦੀ ਸਮੱਸਿਆ ਖ਼ਤਮ ਨਾ ਹੋ ਜਾਵੇ। 

ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਸਾਂਝੇ ਐਲਾਨਨਾਮੇ 'ਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਇਕ ਅਜਿਹੇ ਪ੍ਰਰੋਗਰਾਮ ਨੂੰ ਤੁਰੰਤ ਲਾਗੂ ਕਰੇਗਾ ਜਿਸ ਤਹਿਤ ਉਨ੍ਹਾਂ ਸ਼ਰਨਾਰਥੀਆਂ ਨੂੰ ਵਾਪਸ ਭੇਜਿਆ ਜਾਵੇਗਾ ਜਿਹੜੇ ਸ਼ਰਨ ਮੰਗਣ ਲਈ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਮੈਕਸੀਕੋ ਨੌਕਰੀ, ਸਿੱਖਿਆ ਅਤੇ ਸਿਹਤ ਸਹੂਲਤ ਮੁਹੱਈਆ ਕਰਾਏਗਾ। 

ਮੈਕਸੀਕੋ ਸ਼ਰਨਾਰਥੀਆਂ ਨੂੰ ਰੋਕਣ ਲਈ ਸਰਹੱਦ 'ਤੇ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਵਧਾਉਣ ਦੇ ਨਾਲ ਹੀ ਕਈ ਕਦਮ ਚੁੱਕਣ ਲਈ ਵੀ ਰਾਜ਼ੀ ਹੋਇਆ ਹੈ। ਇਸ ਐਲਾਨ ਦੇ ਬਾਅਦ ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰ ਕੇ ਲਿਖਿਆ, 'ਮੈਨੂੰ ਇਹ ਸੂਚਨਾ ਦਿੰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਮੈਕਸੀਕੋ ਦੇ ਨਾਲ ਅਮਰੀਕਾ ਸਮਝੌਤੇ 'ਤੇ ਪਹੁੰਚ ਗਿਆ ਹੈ। ਅਮਰੀਕਾ ਵੱਲੋਂ ਮੈਕਸੀਕੋ ਖ਼ਿਲਾਫ਼ ਸੋਮਵਾਰ ਤੋਂ ਲੱਗਣ ਵਾਲੀ ਡਿਊਟੀ ਨੂੰ ਅਣਮਿੱਥੇ ਸਮੇਂ ਲਈ ਟਾਲਿਆ ਜਾ ਰਿਹਾ ਹੈ'।