ਠੰਢ ਦੇ ਮੌਸਮ ਨਾਲ ਸਾਹ ਦੀਆਂ ਸਮੱਸਿਆਵਾਂ ‘ਚ ਹੁੰਦੈ ਵਾਧਾ, ਆਓ ਜਾਣੀਏ ਕਿਵੇਂ ਕਰ ਸਕਦੇ ਹਾਂ ਇਸ ਤੋਂ ਬਚਾਅ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਸ ਸਮੇਂ ਠੰਢ ਆਪਣੇ ਪੂਰੇ ਜੋਬਨ ’ਤੇ ਹੈ। ਇਸ ਮੌਸਮ ’ਚ ਧੁੰਦ ਤੇ ਧੂੰਆਂ ਮਿਲ ਕੇ ਸਮੌਗ ਬਣਾਉਂਦੇ ਹਨ, ਜਿਸ ਨਾਲ ਅਸਥਮਾ, ਸੀਓਪੀਡੀ ਤੇ ਦਿਲ ਸਬੰਧੀ ਬਿਮਾਰੀਆਂ ਜ਼ਿਆਦਾ ਵਧਦੀਆਂ ਹਨ। ਜਿਵੇਂ-ਜਿਵੇਂ ਤਾਪਮਾਨ ਘਟਦਾ ਹੈ, ਬਜ਼ੁਰਗਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਵੱਧ ਜਾਂਦੀਆਂ ਹਨ। ਕਮਜ਼ੋਰ ਇਮਿਊਨਿਟੀ ਹੋੋਣ ਕਰਕੇ ਉਹ ਤੁਰੰਤ ਬਿਮਾਰ ਪੈ ਜਾਂਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਇਸ ਮੌਸਮ ’ਚ ਠੰਢ ਤੋਂ ਆਪਣਾ ਬਚਾਅ ਕਰੋ। ਗਰਮ ਕੱਪੜੇ ਪਹਿਨ ਕੇ ਹੀ ਘਰੋਂ ਨਿਕਲੋ।

ਠੰਢ ਦੇ ਮੌਸਮ ਦੌਰਾਨ ਸਰੀਰ ’ਚ ਕੁਝ ਤਬਦੀਲੀਆਂ ਆਉਂਦੀਆਂ ਹਨ, ਜਿਸ ਨਾਲ ਮਨੁੱਖ ਇਸ ਦਾ ਸਾਹਮਣਾ ਕਰ ਸਕੇ। ਜਦੋਂ ਤਾਪਮਾਨ ਘਟਦਾ ਹੈ ਤਾਂ ਮਨੁੱਖ ਦਾ ਸਰੀਰ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਬਲੱਡ ਸਰਕੂਲੇਸ਼ਨ ਨੂੰ ਵਧਾ ਦਿੰਦਾ ਹੈ। ਅਜਿਹਾ ਕਰਨ ਨਾਲ ਦਿਲ ਦੀ ਗਤੀ ਤੇ ਬਲੱਡ ਪ੍ਰੈਸ਼ਰ ਦੋਵੇਂ ਵੱਧ ਜਾਂਦੇ ਹਨ।

ਕਿਹੜੀਆਂ ਸਮੱਸਿਆਵਾਂ ਕਰਦੀਆਂ ਹਨ ਪਰੇਸ਼ਾਨ
ਤਾਪਮਾਨ ’ਚ ਕਮੀ ਤੇ ਠੰਢੀਆਂ ਹਵਾਵਾਂ ਸਾਹ ਨਾਲ ਸਬੰਧਤ ਕਈ ਸਮੱਸਿਆਵਾਂ ਦਾ ਖ਼ਤਰਾ ਵਧਾ ਦਿੰਦੀਆਂ ਹਨ। ਡਾਕਟਰਾਂ ਦੀ ਮੰਨੀਏ ਤਾਂ ਇਸ ਮੌਸਮ ’ਚ ਹਸਪਤਾਲ ਆਉਣ ਵਾਲੇ ਸਾਹ ਦੇ ਰੋਗੀਆਂ ਦੀ ਗਿਣਤੀ ’ਚ 25-20 ਫ਼ੀਸਦੀ ਦਾ ਵਾਧਾ ਹੋ ਜਾਂਦਾ ਹੈ।

ਗਲੇ ਦੀ ਖਰਾਸ਼

ਗਲੇ ਦੀ ਖਰਾਸ਼ ਨੂੰ ਡਾਕਟਰੀ ਭਾਸ਼ਾ ’ਚ ਫੈਰਿੰਜਾਈਟਿਸ ਕਹਿੰਦੇ ਹਨ। ਇਹ ਲਾਗ ਵਾਇਰਸ ਕਾਰਨ ਹੁੰਦੀ ਹੈ। ਓਰੋਫੇਰਿੰਗਸ ਜੀਭ ਦੇ ਪਿਛਲੇ ਪਾਸੇ ਹੁੰਦਾ ਹੈ। ਜਦੋਂ ਇਹ ਸੋਜ ਨਾਲ ਲਾਲ ਹੋ ਜਾਂਦਾ ਹੈ ਤਾਂ ਉਸ ਨੂੰ ਗਲੇ ਦੀ ਖਰਾਸ਼ ਕਹਿੰਦੇ ਹਨ। ਇਸ ਨਾਲ ਗਲੇ ’ਚ ਕੰਡੇ ਚੁੱਭਣ ਤੇ ਦਰਦ ਜਿਹੇ ਲੱਛਣ ਦਿਖਾਈ ਦਿੰਦੇ ਹਨ। ਇਸ ਕਾਰਨ ਭੋਜਨ ਨਿਗਲਣ ’ਚ ਪਰੇਸ਼ਾਨੀ ਆਉਂਦੀ ਹੈ। ਸਰਦੀ ਤੇ ਖੰਘ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ।