ਵਾਸ਼ਿੰਗਟਨ (ਪਾਇਲ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਇਕ ਵਾਰ ਫਿਰ ਦੁਨੀਆ ਭਰ ਵਿਚ ਚਰਚਾ ਵਿਚ ਹੈ। ਇਸ ਵਾਰ ਅਮਰੀਕਾ ਦਾ ਕਰੀਬੀ ਸਹਿਯੋਗੀ ਕੈਨੇਡਾ ਨਿਸ਼ਾਨਾ ਹੈ। ਟਰੰਪ ਨੇ ਸਪੱਸ਼ਟ ਤੌਰ 'ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਚੀਨ ਨਾਲ ਕਿਸੇ ਵੀ ਵਪਾਰਕ ਸਮਝੌਤੇ 'ਤੇ ਹਸਤਾਖਰ ਕਰਦਾ ਹੈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਰੇ ਉਤਪਾਦਾਂ 'ਤੇ 100 ਫੀਸਦੀ ਟੈਰਿਫ ਲਗਾ ਦੇਵੇਗਾ।
ਜਿਸ ਦੌਰਾਨ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਇਹ ਭੁਲੇਖਾ ਨਹੀਂ ਪਾਉਣਾ ਚਾਹੀਦਾ ਕਿ ਇਹ ਚੀਨੀ ਸਾਮਾਨ ਅਮਰੀਕਾ ਭੇਜਣ ਦਾ ਜ਼ਰੀਆ ਬਣ ਸਕਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਟਰੰਪ ਨੇ ਆਪਣੇ ਬਿਆਨ 'ਚ ਚੀਨ 'ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਚੀਨ ਕੈਨੇਡਾ ਦੇ ਕਾਰੋਬਾਰ, ਸਮਾਜ ਅਤੇ ਜੀਵਨ ਸ਼ੈਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਦੁਹਰਾਇਆ ਕਿ ਚੀਨ ਨਾਲ ਕਿਸੇ ਵੀ ਤਰ੍ਹਾਂ ਦੀ ਡੀਲ ਹੋਣ 'ਤੇ ਅਮਰੀਕਾ ਤੁਰੰਤ ਸਖਤ ਆਰਥਿਕ ਕਦਮ ਚੁੱਕੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਟੈਰਿਫ ਨੂੰ ਹਥਿਆਰ ਵਜੋਂ ਵਰਤ ਕੇ ਕਿਸੇ ਦੇਸ਼ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਦੱਸ ਦਇਏ ਕਿ ਆਪਣੇ ਹਾਲੀਆ ਬਿਆਨਾਂ 'ਚ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਅਮਰੀਕੀ ਹਿੱਤਾਂ ਦੇ ਖਿਲਾਫ ਕਦਮ ਚੁੱਕਣ ਵਾਲੇ ਦੇਸ਼ਾਂ ਨੂੰ ਭਾਰੀ ਆਰਥਿਕ ਕੀਮਤ ਚੁਕਾਉਣੀ ਪਵੇਗੀ। ਟਰੰਪ ਦਾ ਇਹ ਬਿਆਨ ਅਮਰੀਕਾ-ਕੈਨੇਡਾ ਸਬੰਧਾਂ ਵਿੱਚ ਵਧਦੇ ਤਣਾਅ ਦਾ ਸੰਕੇਤ ਦੇ ਰਿਹਾ ਹੈ। ਨਾਲ ਹੀ, ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਧਮਕੀਆਂ ਵਿਸ਼ਵ ਵਪਾਰ ਵਿੱਚ ਅਨਿਸ਼ਚਿਤਤਾ ਅਤੇ ਅਸਥਿਰਤਾ ਨੂੰ ਹੋਰ ਵਧਾ ਸਕਦੀਆਂ ਹਨ।



