ਭਾਰਤ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਆਕਰਸ਼ਕ ਨਿਰਮਾਣ ਸਥਾਨ

by vikramsehajpal

ਦਿੱਲੀ (ਦੇਵ ਇੰਦਰਜੀਤ) : ਅਮਰੀਕਾ ਨੂੰ ਛੱਡ ਕੇ ਭਾਰਤ ਦੁਨੀਆ ਦਾ ਸਭ ਤੋਂ ਆਕਰਸ਼ਕ ਨਿਰਮਾਣ ਸਥਾਨ ਬਣ ਗਿਆ ਹੈ। ਰੀਅਲ ਅਸਟੇਟ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ ਨੇ ਇਹ ਜਾਣਕਾਰੀ ਦਿੱਤੀ ਹੈ। ਮੁੱਖ ਰੂਪ ਨਾਲ ਲਾਗਤ ਦੇ ਮੋਰਚੇ ’ਤੇ ਕੁਸ਼ਲਤਾ ਦੀ ਵਜ੍ਹਾ ਨਾਲ ਨਿਰਮਾਣ ਕੇਂਦਰ ਦੇ ਰੂਪ ਵਿਚ ਭਾਰਤ ਦਾ ਆਕਰਸ਼ਣ ਵਧਿਆ ਹੈ।

ਕੁਸ਼ਮੈਨ ਐਂਡ ਵੇਕਫੀਲਡ ਨੇ ਬਿਆਨ ਵਿਚ ਕਿਹਾ ਕਿ ਗਲੋਬਲ ਮੈਨੂਫੈਕਚਰਿੰਗ ਜੋਖਮ ਸੂਚਕਾਂਕ-2021 ਵਿਚ ਚੀਨ ਪਹਿਲੇ ਸਥਾਨ ’ਤੇ ਕਾਇਮ ਹੈ। ਇਹ ਸੂਚਕਾਂਕ ਯੂਰਪ, ਅਮਰੀਕਾ ਅਤੇ ਏਸ਼ੀਆ-ਪ੍ਰਸ਼ਾਂਤ ਦੇ 47 ਦੇਸ਼ਾਂ ਵਿਚੋਂ ਗਲੋਬਲ ਨਿਰਮਾਣ ਲਈ ਆਕਰਸ਼ਕ ਜਾਂ ਲਾਭਦਾਇਕ ਸਥਾਨਾਂ ਦਾ ਮੁਲਾਂਕਣ ਕਰਦਾ ਹੈ। ਬਿਆਨ ਵਿਚ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਮੰਗ ਵਾਲੇ ਨਿਰਮਾਣ ਸਥਾਨਾਂ ਵਿਚ ਚੀਨ ਦੇ ਬਾਅਦ ਭਾਰਤ ਦੂਜੇ ਸਥਾਨ ’ਤੇ ਹੈ।

ਅਮਰੀਕਾ ਤੀਜੇ, ਕੈਨੇਡਾ ਚੌਥੇ, ਚੈਕ ਗਣਰਾਜ 5ਵੇਂ, ਇੰਡੋਨੇਸ਼ੀਆ 6ਵੇਂ, ਲਿਥੁਆਨੀਆ 7ਵੇਂ, ਥਾਈਲੈਂਡ 8ਵੇਂ, ਮਲੇਸ਼ੀਆ 9ਵੇਂ ਅਤੇ ਪੋਲੈਂਡ 10ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਦੀ ਰਿਪੋਰਟ ਵਿਚ ਅਮਰੀਕਾ ਦੂਜੇ ਅਤੇ ਭਾਰਤ ਤੀਜੇ ਸਥਾਨ ’ਤੇ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਤੁਲਨਾ ਵਿਚ ਨਿਰਮਾਤਾ ਭਾਰਤ ਵਿਚ ਰੂਚੀ ਦਿਖਾ ਰਹੇ ਹਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਸੰਚਾਲਨ ਦੇ ਹਾਲਾਤਾਂ ਅਤੇ ਲਾਗਤ ਕੁਸ਼ਲਤਾ ਦੀ ਵਜ੍ਹਾ ਨਾਲ ਨਿਰਮਾਣ ਸਥਾਨ ਦੇ ਰੂਪ ਵਿਚ ਭਾਰਤ ਦਾ ਆਕਰਸ਼ਣ ਵਧਿਆ ਹੈ। ਇਸ ਦੇ ਇਲਾਵਾ ਭਾਰਤ ਨੇ ਆਊਸੋਰਸਿੰਗ ਦੀਆਂ ਜ਼ਰੂਰਤਾਂ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਇਸ ਨਾਲ ਸਾਲਾਨਾ ਆਧਾਰ ’ਤੇ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ।