ਭਾਰਤ-ਕੈਨੇਡਾ ਵਪਾਰ ਸਮਝੌਤਾ: ਦੋਵਾਂ ਦੇਸ਼ਾਂ ਲਈ ਵੱਡਾ ਫਾਇਦਾ- ਪਟਨਾਇਕ

by nripost

ਵਿਨੀਪੈੱਗ (ਪਾਇਲ): ਕੈਨੇਡਾ ਵਿਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਬੀਤੇ ਦਿਨ ਆਪਣੀ ਪਤਨੀ ਪੂਨਮ ਪਟਨਾਇਕ ਸਮੇਤ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ। ਇਸ ਮੌਕੇ ਦੋਵਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵੱਲੋਂ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਟਨਾਇਕ ਨੇ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੌਰੇ ’ਤੇ ਜਾ ਰਹੇ ਹਨ ਤੇ ਇਸ ਦੌਰਾਨ ਭਾਰਤ ਤੇ ਕੈਨੇਡਾ ਦਰਮਿਆਨ ਹੋਣ ਵਾਲੇ ਵਪਾਰ ਸਮਝੌਤੇ ਦਾ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੱਗ ਸਿੱਖਾਂ ਦੀ ਸ਼ਾਨ ਹੈ।

ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਕਮੇਟੀ ਦਫ਼ਤਰ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਸਿੱਖ ਭਾਈਚਾਰੇ ਪ੍ਰਤੀ ਬਹੁਤ ਸਤਿਕਾਰ ਹੈ। ਸਿੱਖ ਭਾਈਚਾਰੇ ਨੇ ਵਿਦੇਸ਼ਾਂ ਵਿਚ ਆਪਣੀ ਮਿਹਨਤ ਤੇ ਲਗਨ ਨਾਲ ਭਾਈਚਾਰੇ ਅਤੇ ਦੇਸ਼ ਦੇ ਮਾਣ ਸਨਮਾਨ ਵਿਚ ਭਾਰੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੱਗ ਸਰਦਾਰਾਂ ਦੀ ਸ਼ਾਨ ਹੈ ਤੇ ਪਗੜੀ ਕਾਰਨ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਸੇ ਸਿੱਖ ਨਾਲ ਨੌਕਰੀ ਲੈਣ ਸਮੇਂ ਵਿਤਕਰਾ ਨਹੀਂ ਹੋਣਾ ਚਾਹੀਦਾ।

ਦਿਨੇਸ਼ ਪਟਨਾਇਕ ਨੇ ਭਾਰਤ ਤੇ ਕੈਨੇਡਾ ਵਿਚਾਲੇ ਚੰਗੇ ਸਬੰਧਾਂ ਦੀ ਮੁੜ ਸ਼ੁਰੂਆਤ ਦੀ ਗੱਲ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਵਪਾਰ ਸਮਝੌਤਾ ਹੋਣ ਨਾਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਨੂੰ ਭਾਰੀ ਲਾਭ ਮਿਲੇਗਾ ਤੇ ਸਬੰਧਾਂ ਵਿਚ ਵੀ ਮਜ਼ਬੂਤੀ ਆਏਗੀ। ਉਨ੍ਹਾਂ ਦੀ ਪਤਨੀ ਜੋ ਸਿੱਖ ਮੱਕੜ ਪਰਿਵਾਰ ਤੋਂ ਹਨ, ਨੇ ਕਮੇਟੀ ਮੈਂਬਰਾਂ ਨਾਲ ਪੰਜਾਬੀ ਵਿਚ ਸੋਹਣੀ ਗੱਲਬਾਤ ਕੀਤੀ। ਹਾਈ ਕਮਿਸ਼ਨਰ ਨੇ ਭਾਈਚਾਰੇ ਨੂੰ ਮਜ਼ਬੂਤ ਅਤੇ ਇਕਜੁੱਟ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਕੈਨੇਡਾ ਵਿੱਚ ਹਾਈ ਕਮਿਸ਼ਨ ਅਤੇ ਕੌਂਸੁਲੇਟ ਹਮੇਸ਼ਾ ਕਿਸੇ ਵੀ ਸਹਾਇਤਾ ਲਈ ਉਪਲਬਧ ਹਨ।

More News

NRI Post
..
NRI Post
..
NRI Post
..