ਭਾਰਤੀ ਟੀਮ ਨੇ ਜਪਾਨ ਨੂੰ 7-2 ਨਾਲ ਹਰਾ ਓਲੰਪਿਕ ਦਾ ਟਿਕਟ ਕੀਤਾ ਪੱਕਾ

by mediateam

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਪੁਰਸ਼ ਟੀਮ ਨੇ ਸ਼ੁੱਕਰਵਾਰ ਨੂੰ ਐੱਫ਼ਆਈਐੱਚ ਲੜੀ ਫ਼ਾਇਨਲਜ਼ ਦੇ ਸੈਮੀਫ਼ਾਇਨਲ ਵਿੱਚ ਏਸ਼ੀਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਜਾਪਾਨ ਨੂੰ 7-2 ਨਾਲ ਹਰਾ ਕੇ ਫ਼ਾਇਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਅਗਲੇ ਸਾਲ ਜਪਾਨ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਕੁਆਲੀਫ਼ਾਇਰਜ਼ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਸ਼ਨਿਚਰਵਾਰ ਨੂੰ ਹੋਣ ਵਾਲੇ ਫ਼ਾਇਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ।ਹਾਲਾਂਕਿ ਜਪਾਨ ਨੇ ਸ਼ੁਰੂਆਤ ਵਧੀਆ ਕਰਦੇ ਹੋਏ ਦੂਸਰੇ ਮਿੰਟ ਵਿੱਚ ਹੀ ਗੋਲ ਕਰ ਦਿੱਤਾ ਸੀ। ਜਪਾਨ ਵੱਲੋਂ ਕੇਂਜੀ ਕਿਟਾਜਾਟਾ ਨੇ ਪਹਿਲਾ ਗੋਲ ਕੀਤਾ। ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਵਿੱਚ ਗੋਲ ਕਰ ਭਾਰਤ ਨੂੰ ਬਰਾਬਰੀ 'ਤੇ ਪਹੁੰਚਾਇਆ ਅਤੇ ਇਸ ਤੋਂ ਬਾਅਦ ਭਾਰਤ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ। 

ਹਰਮਨਪ੍ਰੀਤ ਨੇ ਇਹ ਗੋਲ ਪੈਨੱਲਟੀ ਕਾਰਨਰ ਵਿੱਚ ਕੀਤਾ।ਵਰੁਣ ਕੁਮਾਰ ਨੇ ਫ਼ਿਰ 14ਵੇਂ ਮਿੰਟ ਵਿੱਚ ਸ਼ਾਨਦਾਰ ਫ਼ੀਲਡ ਗੋਲ ਕਰ ਕੇ ਭਾਰਤ ਨੂੰ 2-1 ਨਾਲ ਅੱਗੇ ਲਿਆਉਂਦਾ। ਇਸ ਸਕੋਰ ਦੇ ਨਾਲ ਭਾਰਤ ਨੇ ਪਹਿਲੇ ਕੁਆਰਟਰ ਦਾ ਅੰਤ ਕੀਤਾ। 20ਵੇਂ ਮਿੰਟਾਂ ਵਿੱਚ ਕੋਟਾ ਵਾਟਾਨਾਬੇ ਜਪਾਨ ਲਈ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕੀਤਾ ਪਰ ਇਸ ਤੋਂ ਬਾਅਦ ਜਪਾਨ ਨੇ ਇੱਕ ਵੀ ਗੋਲ ਨਹੀਂ ਕੀਤਾ। ਤਿੰਨ ਮਿੰਟਾਂ ਬਾਅਦ ਰਮਨਦੀਪ ਸਿੰਘ ਨੇ 23ਵੇਂ ਮਿੰਟ ਵਿੱਚ ਭਾਰਤ ਨੂੰ 1 ਗੋਲ ਨਾਲ ਅੱਗੇ ਕੀਤਾ ਜਿਸ ਨੂੰ 25ਵੇਂ ਮਿੰਟ ਵਿੱਚ ਹਾਰਦਿਕ ਸਿੰਘ ਨੇ ਦੁਗਣਾ ਕਰ ਦਿੱਤਾ। 

37ਵੇਂ ਮਿੰਟ ਵਿੱਚ ਰਮਨਦੀਪ ਨੇ ਆਪਣਾ ਦੂਸਰਾ ਗੋਲ ਕੀਤਾ। ਗੁਰਸਾਹਿਬਜੀਤ ਸਿੰਘ ਨੇ 42ਵੇਂ ਅਤੇ ਵਿਵੇਕ ਸਾਗਰ ਨੇ 47ਵੇਂ ਮਿੰਟ ਵਿੱਚ ਗੋਲ ਕਰ ਕੇ ਜਪਾਨ ਦੀ ਵਾਪਸੀ ਮੁਸ਼ਕਿਲ ਕਰ ਦਿੱਤੀ।ਇਸ ਖ਼ਾਸ ਜਿੱਤ ਦੇ ਨਾਲ ਭਾਰਤ ਨੇ ਓਲੰਪਿਕ ਖੇਡਾਂ ਦੇ ਕੁਆਲੀਫ਼ਾਈਰਜ਼ ਵਿੱਚ ਥਾਂ ਪੱਕੀ ਕਰ ਲਈ ਹੈ।