ਭਾਰਤ ਦੀ ਕਬੱਡੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ 48-34 ਦੇ ਅੰਤਰ ਨਾਲ ਹਰਾਇਆ

by

ਬਠਿੰਡਾ (ਇੰਦਰਜੀਤ ਸਿੰਘ) : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਦੋ ਮੈਚ ਕਰਵਾਏ ਗਏ। ਵੀਰਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਅਤੇ ਯੂਐਸਏ ਤੇ ਕੀਨੀਆਂ ਦਾ ਟੀਮਾਂ ਵਿਚਕਾਰ ਮੈਚ ਖੇਡੇ ਗਏ। ਇਸ ਦੌਰਾਨ ਭਾਰਤ ਦੀ ਕਬੱਡੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ 48-34 ਦੇ ਅੰਤਰ ਨਾਲ ਹਰਾਇਆ ਜਦੋਂ ਕਿ ਯੂਐਸਏ ਦੀ ਟੀਮ ਨੇ ਕੀਨੀਆਂ ਦੀ ਟੀਮ ਨੂੰ 46-27 ਅੰਕਾਂ ਨਾਲ ਮਾਤ ਦਿੱਤੀ। ਕਬੱਡੀ ਕੱਪ ਦੌਰਾਨ ਯੂਐਸਏ ਤੇ ਕੀਨੀਆਂ ਦੀਆਂ ਟੀਮਾਂ ਵਿਚਕਾਰ ਹੋਇਆ ਮੁਕਾਬਲਾ ਦਿਲਚਸਪ ਰਿਹਾ। ਇਸ ਮੈਚ ਦੌਰਾਨ ਯੂਐਸਏ ਦੇ ਰੇਡਰ ਨੂੰ ਰੋਕਣ ਸਮੇਂ ਕੀਨੀਆ ਦਾ ਖਿਡਾਰੀ ਜੁਲਮਾ ਬੇਹੋਸ਼ ਹੋ ਗਿਆ ਜਿਸਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਖੇਡ ਸਟੇਡੀਅਮ ਵਿਚ ਡਿਪਟੀ ਕਮਿਸ਼ਨਰ ਬੀਸ੍ਰੀਨਿਵਾਸਨ ਨੇ ਖੇਡ ਮੁਕਾਬਲੇ ਸ਼ੁਰੂ ਕਰਵਾਏ। ਪਹਿਲੇ ਮੈਚ ਦੇ ਸ਼ੁਰੂਆਤ ਵਿਚ ਯੂਐਸਏ ਦੀ ਕਬੱਡੀ ਟੀਮ ਲੀਡ ਲੈਂਦੀ ਰਹੀ ਚਾਰੇ ਕੁਵਾਟਰਾਂ ਵਿਚ ਉਨ੍ਹਾਂ ਜਿੱਤ ਹਾਸਲ ਕੀਤੀ। ਪਹਿਲੇ ਕਵਾਟਰ ਵਿਚ ਯੂਐਸਏ ਦੀ ਟੀਮ ਨੇ 12 ਅੰਕ ਤੇ ਕੀਨੀਆਂ ਦੀ ਟੀਮ ਨੇ 8 ਅੰਕ ਹਾਸਲ ਕੀਤੇ। ਇਸ ਤਰ੍ਹਾਂ ਮੈਚ ਦੀ ਸ਼ੁਰੂਆਤ ਵਿਚ ਹੀ ਯੂਐਸਏ ਦੀ ਟੀਮ ਚਾਰ ਅੰਕ ਨਾਲ ਅੱਗੇ ਰਹੀ। ਮੈਚ ਦੌਰਾਨ ਕੀਨੀਆਂ ਦੀ ਟੀਮ ਨੇ ਕਾਫ਼ੀ ਜ਼ੋਰ ਲਗਾਇਆ ਪਰ ਉਹ ਸਫ਼ਲ ਨਹੀਂ ਹੋ ਸਕੇ। ਅੱਧੇ ਸਮੇਂ ਤੋਂ ਪਹਿਲਾਂ ਯੂਐਸਏ ਦੀ ਟੀਮ 10 ਅੰਕ ਨਾਲ ਅੱਗੇ ਚੱਲ ਰਹੀ ਸੀ। ਇਸ ਤੋਂ ਬਾਅਦ ਦੁਬਾਰ ਮੈਚ ਸ਼ੁਰੂ ਹੋਣ ਬਾਅਦ ਤੀਜੇ ਕਵਾਟਰ ਵਿਚ ਯੂਐਸਏ ਦੀ ਟੀਮ 38 ਅੰਕਾਂ ‘ਤੇ ਪਹੁੰਚ ਗਈ ਜਦੋਂ ਕੀਨੀਆਂ ਦੀ ਟੀਮ 21 ਅੰਕ ’ਤੇ ਹੀ ਪੁੱਜ ਸਕੀ। ਚੌਥੇ ਕਵਾਟਰ ਵਿਚ ਯੂਐਸਏ ਦੀ ਟੀਮ ਦੇ 46 ਅੰਕ ਤੇ ਕੀਨੀਆਂ ਦੀ ਟੀਮ ਦੇ 27 ਅੰਕ ਰਹੇ।

ਵਿਸ਼ਵ ਕਬੱਡੀ ਕੱਪ ਦਾ ਦੂਸਰਾ ਮੈਚ ਭਾਰਤ ਤੇ ਆਸਟ੍ਰੇਲੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦੇ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਵਿਰੋਧੀ ਟੀਮ ’ਤੇ ਭਾਰੂ ਰਹੀ। ਪਹਿਲੇ ਕਵਾਟਰ ਵਿਚ ਭਾਰਤ ਦੀ ਟੀਮ ਨੇ 14 ਅੰਕ ਜਦੋਂ ਕਿ ਵਿਰੋਧੀ ਆਸਟ੍ਰੇਲੀਆ ਦੀ ਟੀਮ ਨੇ 6 ਅੰਕ ਪ੍ਰਾਪਤ ਕੀਤੇ। ਇਸ ਤੋਂ ਬਾਅਦ ਮੈਚ ਦੇ ਦੂਜੇ ਕਵਾਟਰ ਵਿਚ ਭਾਰਤ ਦੀ ਟੀਮ 30 ਅੰਕਾਂ ’ਤੇ ਪਹੁੰਚ ਗਈ ਜਦੋਂ ਕਿ ਆਸਟ੍ਰੇਲੀਆ ਦੀ ਟੀਮ ਸਿਰਫ਼ ਤਿੰਨ ਅੰਕ ਜੋੜ ਕੇ 9 ਅੰਕਾਂ ’ਤੇ ਹੀ ਪਹੁੰਚ ਸਕੀ। ਮੈਚ ਦਾ ਅੱਧਾ ਸਮਾਂ ਖਤਮ ਹੋਣ ਬਾਅਦ ਤੀਜੇ ਕਵਾਟਰ ਵਿਚ ਆਸਟੇ੍ਰਲੀਆ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ, ਟੀਮ 13 ਅੰਕ ਜੋੜ ਕੇ 22 ਅੰਕਾਂ ’ਤੇ ਪਹੁੰਚ ਗਈ ਜਦੋਂ ਕਿ ਭਾਰਤੀ ਟੀਮ ਨੇ ਇਸ ਕਵਾਟਰ ਵਿਚ 10 ਅੰਕ ਜੋੜੇ। ਆਖਰੀ ਕਵਾਟਰ ਵਿਚ ਆਸਟੇ੍ਰਲੀਆ ਦੀ ਟੀਮ ਨੇ ਆਪਣੇ ਅੰਕ 34 ਕਰ ਲਏ ਜਦੋਂ ਕਿ ਭਾਰਤ ਦੀ ਟੀਮ ਨੇ 48 ਅੰਕ ਪ੍ਰਾਪਤ ਕਰਕੇ ਜੇਤੂ ਰਹੀ। ਇਸ ਤਰ੍ਹਾਂ ਭਾਰਤ ਦੀ ਟੀਮ ਨੇ 14 ਅੰਕਾਂ ਨਾਲ ਇਹ ਮੈਚ ਜਿੱਤ ਲਿਆ।

ਭਾਰਤ-48-ਆਸਟ੍ਰ੍ਰੇਲੀਆਂ-34- ਅੰਤਰ-14

ਯੂਐਸਏ-46-ਕੀਨੀਆ-27-ਅੰਤਰ-19