ਚੀਨ ਤੋਂ ਮੋਬਾਈਲ ਉਪਕਰਨ ਖਰੀਦਣੇ ਬੰਦ ਕਰ ਸਕਦੈ ਹੈ ਭਾਰਤ

by vikramsehajpal

ਜਕਾਰਤਾ (ਦੇਵ ਇੰਦਰਜੀਤ)- ਭਾਰਤ ਵੱਲੋਂ ਆਪਣੀਆਂ ਮੋਬਾਈਲ ਨਿਰਮਾਤਾ ਕੰਪਨੀਆਂ ਨੂੰ ਚੀਨ ਦੀ ਕੰਪਨੀ ਹੂਵੇਈ ਵੱਲੋਂ ਬਣਾਏ ਜਾਂਦੇ ਟੈਲੀਕਾਮ ਉਪਕਰਨਾਂ ਦੀ ਵਰਤੋਂ ਨਾ ਕਰਨ ਲਈ ਆਖੇ ਜਾਣ ਦੀ ਸੰਭਾਵਨਾ ਹੈ।

ਦੋ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਜੂਨ ਮਹੀਨੇ ਲਾਗੂ ਹੋਣ ਵਾਲੇ ਖ਼ਰੀਦ ਨਿਯਮਾਂ ਕਾਰਨ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੀਨੀ ਕੰਪਨੀਆਂ ਨੂੰ ਤਕਨੀਕੀ ਕਾਰੋਬਾਰ ਦੇਣ ਸਬੰਧੀ ਸੁਰੱਖਿਆ ਚਿੰਤਾਵਾਂ ਦੇ ਪੱਖ ਨੂੰ ਲੈ ਕੇ ਸਾਵਧਾਨ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਭਾਰਤੀ ਉਤਪਾਦਕਾਂ ਨੂੰ ਜ਼ਿਆਦਾ ਟੈਲੀਕੌਮ ਉਪਕਰਨ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਦੂਰਸੰਚਾਰ ਵਿਭਾਗ ਨੇ ਕਿਹਾ ਸੀ ਕਿ 15 ਜੂਨ ਤੋਂ ਮੋਬਾਈਲ ਕੰਪਨੀਆਂ ਸਿਰਫ ਸਰਕਾਰੀ ਭਰਸੇਯੋਗ ਸਰੋਤਾਂ ਵੱਲੋਂ ਮਨਜ਼ੂਰਸ਼ੁਦਾ ਵਿਸ਼ੇਸ਼ ਕਿਸਮ ਦੇ ਉਪਕਰਨ ਹੀ ਖ਼ਰੀਦ ਸਕਣਗੀਆਂ। ਇਹ ਵੀ ਕਿਹਾ ਗਿਆ ਸੀ ਸਰਕਾਰ ਵੱਲੋਂ ਇਸ ਸਬੰਧੀ ਇੱਕ ਬਲੈਕਲਿਸਟ ਵੀ ਬਣਾਈ ਜਾ ਸਕਦੀ ਹੈ। ਹੂਵੇਈ ਦਾ ਨਾਂ ਵੀ ਇਸ ਵਿੱਚ ਹੋ ਸਕਦਾ ਹੈ ਪਰ ਦੋਵੇਂ ਅਧਿਕਾਰੀਆਂ ਨੇ ਕਿਸੇ ਵੀ ਕੰਪਨੀ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।

ਇੱਕ ਹੋਰ ਸੂਤਰ ਮੁਤਾਬਕ ਚੀਨ ਦੀ ਇੱਕ ਹੋਰ ਕੰਪਨੀ ਜ਼ੈੱਡਟੀਈ ਕਾਰਪੋਰੇਸ਼ਨ ਨੂੰ ਵੀ ਕਾਰੋਬਾਰ ਤੋਂ ਬਾਹਰ ਕੀਤਾ ਜਾ ਸਕਦਾ ਹੈ। ਚੀਨੀ ਸਰਕਾਰ ਲਈ ਕਥਿਤ ਜਾਸੂਸੀ ਕਰਨ ਦੇ ਸ਼ੱਕ ਹੇਠ ਹੂਵੇਈ ਅਤੇ ਜ਼ੈੱਡਟੀਈ ਦੀ ਪੜਤਾਲ ਕੀਤੀ ਜਾ ਰਹੀ ਹੈ।