ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਮੈਚ ਸਸਪੈਂਡ, ਕੱਲ ਸ਼ੁਰੂ ਹੋਵੇਗੀ ਖੇਡ

by NRI Post

ਮਾਨਚੈਸਟਰ (ਵਿਕਰਮ ਸਹਿਜਪਾਲ) : ਭਾਰਤੀ ਗੇਂਦਬਾਜ਼ਾਂ ਨੇ ਆਪਣੀ ਮਾਰਕ ਸਮਰਥਾ ਤੇ ਅਨੁਸ਼ਾਸਿਤ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਕੇ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ 'ਤੇ ਆਪਣੀ ਟੀਮ ਦਾ ਪਲੜਾ ਭਾਰੀ ਰੱਖਿਆ ਪਰ ਮੀਂਹ ਦੇ ਅੜਿੱਕੇ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਤੇ ਹੁਣ ਇਹ ਅੱਗੇ ਬੁੱਧਵਾਰ ਨੂੰ ਖੇਡਿਆ ਜਾਵੇਗਾ। ਨਿਊਜ਼ੀਲੈਂਡ ਨੇ ਜਦੋਂ 46.1 ਓਵਰਾਂ ਵਿਚ 5 ਵਿਕਟਾਂ 'ਤੇ 211 ਦੌੜਾਂ ਹੀ ਬਣਾਈਆਂ ਸਨ ਤਦ ਮੀਂਹ ਆ ਗਿਆ , ਜਿਸ ਤੋਂ ਬਾਅਦ ਦਿਨ ਵਿਚ ਅੱਗੇ ਦੀ ਖੇਡ ਨਹੀਂ ਹੋ ਸਕੀ। ਅੰਪਾਇਰਾਂ ਨੇ ਭਾਰੀ ਮੀਂਹ ਕਾਰਨ ਆਊਟਫੀਲਡ ਗਿੱਲੀ ਹੋਣ ਨਾਲ ਮੈਚ ਰਿਜ਼ਰਵ ਦਿਨ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। 

ਸੈਮੀਫਾਈਨਲ ਤੇ ਫਾਈਨਲ ਲਈ ਰਿਜ਼ਰਵ ਦਿਨ ਰੱਖੇ ਗਏ ਹਨ ਪਰ ਇਸ ਵਿਚ ਮੈਚ ਨਵੇਂ ਸਿਰੇ ਤੋਂ ਨਹੀਂ ਸ਼ੁਰੂ ਹੋਵੇਗਾ। ਇਸ ਤਰ੍ਹਾਂ ਨਾਲ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ ਤੇ ਉਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ।  ਜੇਕਰ ਕੱਲ ਵੀ ਮੀਂਹ ਅੜਿੱਕਾ ਪਾਉਂਦਾ ਹੈ ਤੇ ਨਿਊਜ਼ੀਲੈਂਡ ਅੱਗੇ ਬੱਲੇਬਾਜ਼ੀ ਨਹੀਂ ਕਰਦੀ ਤਾਂ ਡਕਵਰਥ ਲੂਈਸ ਨਿਯਮ ਤਹਿਤ ਭਾਰਤ ਨੂੰ 46 ਓਵਰਾਂ 'ਚ 237 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਸਿਰਫ 20 ਓਵਰਾਂ ਦੀ ਖੇਡ ਸੰਭਵ ਹੁੰਦੀ ਹੈ ਤਾਂ ਭਾਰਤ ਸਾਹਮਣੇ 148 ਦੌੜਾਂ ਦਾ ਟੀਚਾ ਹੋਵੇਗਾ। ਬੁੱਧਵਾਰ ਨੂੰ ਵੀ ਮੈਚ ਪੂਰਾ ਨਾ ਹੋਣ ਦੀ ਹਾਲਤ ਵਿਚ ਭਾਰਤ ਲੀਗ ਗੇੜ ਵਿਚ ਵੱਧ ਅੰਕ ਹਾਸਲ ਕਰਨ ਕਾਰਣ ਫਾਈਨਲ ਵਿਚ ਪਹੁੰਚ ਜਾਵੇਗਾ।