ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਇੰਡੀਅਨ ਹਾਕੀ ਖਿਡਾਰੀ ਮਨਦੀਪ ਸਿੰਘ ਤੇ ਪਤਨੀ ਉਦਿਤਾ

by nripost

ਅੰਮ੍ਰਿਤਸਰ (ਰਾਘਵ): ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ, ਉੱਥੇ ਹੀ ਅੱਜ ਇੰਡੀਅਨ ਹਾਕੀ ਟੀਮ ਦੇ ਓਲੰਪਿਅਨ ਖਿਡਾਰੀ ਮਨਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਉਦਿਤਾ ਚੌਹਾਨ ਅੱਜ ਵਿਆਹ ਤੋਂ ਬਾਅਦ ਗੁਰੂ ਘਰ 'ਚ ਨਤਮਸਤਕ ਹੋਣ ਲਈ ਪੁੱਜੇ। ਇਸ ਨਵੀਂ ਵਿਆਹੀ ਜੋੜੀ ਨੇ ਅੱਜ ਗੁਰੂ ਘਰ 'ਚੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਹੀ ਹਾਕੀ ਖਿਡਾਰੀ ਹਨ ਤੇ ਦੋਵਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਅੱਜ ਗੁਰੂ ਘਰ ਵਿੱਚ ਮੱਥਾ ਟੇਕਿਆ ਹੈ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਨੇ ਕਿਹਾ ਕਿ 2018 'ਚ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋਇਆ । ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਪਹਿਲਾਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਆਵਾਂਗੇ 'ਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਾਂਗੇ, ਸੋ ਅੱਜ ਅਸੀਂ ਇੱਥੇ ਪੁੱਜੇ ਹਾਂ।

ਉਨ੍ਹਾਂ ਕਿਹਾ ਕਿ ਅੱਜ ਨਵੀਂ ਜਿੰਦਗੀ ਦੀ ਸ਼ੁਰੂਆਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਰਲਡ ਕੱਪ ਜਿੱਤਣਾ ਤੇ ਓਲੰਪਿਕ ਖੇਡਾਂ 'ਚ ਗੋਲਡ ਮੈਡਲ ਹਾਸਲ ਕਰਨਾ ਦੋਵਾਂ ਦਾ ਟੀਚਾ ਹੈ ਅਤੇ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਸਪੋਰਟ ਕਰਨ ਤੇ ਉਨ੍ਹਾਂ ਦਾ ਗੇਮਾਂ ਵੱਲ ਧਿਆਨ ਦੇਣ।