Indian Idol Show: ਸੈੱਟ ‘ਤੇ ਪੰਜਾਬੀ ਮੁੰਡਿਆਂ ਦੀਆਂ ਧੁੰਮਾਂ, ਪੰਜਾਬ ਦੇ ਤਿੰਨ ਨੌਜਵਾਨ Top-10 ‘ਚ ਸ਼ਾਮਲ

by mediateam

ਮੁੰਬਈ: ਟੀਵੀ ਦੇ ਗਾਇਕੀ ਪ੍ਰੋਗਰਾਮ ਇੰਡੀਅਨ ਆਈਡਲ 'ਚ ਪੰਜਾਬੀ ਨੌਜਵਾਨਾਂ ਦਾ ਜਲਵਾ ਹੈ। ਸ਼ੋਅ 'ਚ ਪੰਜਾਬ ਇੱਕੋ ਇਕ ਅਜਿਹਾ ਸੂਬਾ ਹੈ ਜਿਸ ਦੇ ਤਿੰਨ ਨੌਜਵਾਨ ਟਾਪ ਟੈੱਨ 'ਚ ਹਨ। ਨਤੀਜੇ ਜੋ ਵੀ ਰਹਿਣ ਪਰ ਪੰਜਾਬ ਦੇ ਇਨ੍ਹਾਂ ਮੁਕਾਬਲੇਬਾਜ਼ਾਂ ਨੇ ਦੇਸ਼ ਭਰ 'ਚ ਧੁੰਮਾਂ ਪਾਈਆਂ ਹੋਈਆਂ ਹਨ।

ਸ਼ੋਅ ਦੇ ਸਭ ਤੋਂ ਜ਼ਿਆਦਾ ਚਰਚਿਤ ਮੁਕਾਬਲੇਬਾਜ਼ ਸੰਨੀ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਅੰਮਿ੍ਤਸਰ ਦੇ ਦੋ ਨੌਜਵਾਨ ਰਿਸ਼ਭ ਚਤੁਰਵੇਦੀ ਤੇ ਰਿਧਮ ਕਲਿਆਣ ਵੀ ਖ਼ੂਬ ਜਲਵਾ ਦਿਖਾ ਰਹੇ ਹਨ। ਹਾਲਾਂਕਿ ਸਖ਼ਤ ਮੁਕਾਬਲੇ ਦਰਮਿਆਨ ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਰਿਆਜ਼ ਵੀ ਖ਼ੂਬ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨ 'ਤੇ ਬੂਟ ਪਾਲਿਸ਼ ਕਰਨ ਵਾਲੇ ਸੰਨੀ ਦੇ ਬਠਿੰਡਾ ਦੀ ਗਲੀ-ਗਲੀ ਵਿਚ ਪੋਸਟਰ ਲਾਏ ਗਏ ਹਨ। ਉਹ ਪ੍ਰਸਿੱਧੀ ਦੀ ਸਿਖਰ 'ਤੇ ਪੁੱਜ ਗਏ ਹਨ।

ਛੇਵੀਂ ਜਮਾਤ 'ਚ ਛੁਟ ਗਈ ਸੀ ਪੜ੍ਹਾਈ: ਸੰਨੀ

ਇੰਡੀਅਨ ਆਈਡਲ ਦੇ ਸੈੱਟ 'ਤੇ ਗੱਲ ਕਰਦਿਆਂ 21 ਸਾਲਾ ਬਠਿੰਡਾ ਨਿਵਾਸੀ ਸੰਨੀ ਬੇਹੱਦ ਰੁਮਾਂਚਿਤ ਨਜ਼ਰ ਆਇਆ। ਉਹ ਕਹਿੰਦਾ ਹੈ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਇੱਥੋਂ ਤਕ ਪੁੱਜ ਜਾਵੇਗਾ। ਬਚਪਨ 'ਚ ਬੂਟ ਪਾਲਿਸ਼ ਕਰਨ ਦੇ ਨਾਲ-ਨਾਲ ਉਹ ਗਾਣੇ ਵੀ ਗਾਉਂਦਾ ਰਿਹਾ। ਚੂੰਕਿ ਉਹ ਦਿਲੋਂ ਗਾ ਰਿਹਾ ਸੀ, ਸ਼ਾਇਦ ਇਸੇ ਲਈ ਇਸ ਮੁਕਾਮ 'ਤੇ ਪੁੱਜ ਸਕਿਆ ਹੈ। ਜਦੋਂ ਉਹ 14 ਸਾਲ ਦਾ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ 'ਚ ਇਕੱਲਾ ਮੁੰਡਾ ਹੋਣ ਕਾਰਨ ਛੇਵੀਂ ਜਮਾਤ 'ਚ ਪੜ੍ਹਾਈ ਛੱਡ ਕੇ ਉਸ ਨੂੰ ਆਪਣੇ ਪਿਤਾ ਦਾ ਬੂਟ ਪਾਲਿਸ਼ ਵਾਲਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਉਸ ਨੂੰ ਕਿਸੇ ਤੋਂ ਗਾਇਕੀ ਸਿੱਖਣ ਦਾ ਮੌਕਾ ਨਹੀਂ ਮਿਲ ਸਕਿਆ।

ਪਿਤਾ ਦਾ ਪਿੱਠਵਰਤੀ ਗਾਇਕ ਬਣਨ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹਾਂ: ਰਿਸ਼ਭ

ਅੰਮਿ੍ਤਸਰ ਨਿਵਾਸੀ 22 ਸਾਲਾ ਰਿਸ਼ਭ ਚਤੁਰਵੇਦੀ ਤਿੰਨ ਸਾਲਾਂ ਤੋਂ ਗਾਇਕੀ ਦੇ ਖੇਰ ਵਿਚ ਸਰਗਰਮ ਹੈ। ਉਹ ਸਟੇਜ ਸ਼ੋਅ ਕਰ ਕੇ ਚੰਗੀ ਕਮਾਈ ਕਰ ਰਿਹਾ ਹੈ। ਉਹ ਮਹੀਨੇ ਭਰ 'ਚ ਅੱਧਾ ਦਰਜਨ ਤੋਂ ਜ਼ਿਆਦਾ ਸ਼ੋਅ ਕਰ ਲੈਂਦਾ ਹੈ। ਉਸ ਦੇ ਮਾਤਾ-ਪਿਤਾ ਵੀ ਗਾਉਂਦੇ ਹਨ। ਉਹ ਆਪਣੇ ਪਿਤਾ ਦੇ ਪਿੱਠਵਰਤੀ ਗਾਇਕ ਬਣਨ ਦੇ ਸੁਪਨੇ ਨੂੰ ਪੂਰਿਆਂ ਕਰਨਾ ਚਾਹੁੰਦਾ ਹੈ। ਰਿਸ਼ਭ ਦੱਸਦਾ ਹੈ ਕਿ ਅੱਜ ਉਸ ਨੂੰ ਲੋਕ ਉਸ ਦੇ ਮੰਮੀ-ਪਾਪਾ ਦੇ ਨਾਂ ਕਰ ਕੇ ਜਾਣਦੇ ਹਨ ਪਰ ਉਹ ਚਾਹੁੰਦਾ ਹੈ ਕਿ ਲੋਕ ਮੰਮੀ-ਪਾਪਾ ਨੂੰ ਉਸ ਦੇ ਨਾਂ ਤੋਂ ਪਛਾਣਨ। ਉਸ ਦੀ ਦੇਸ਼ ਭਰ 'ਚ ਪਛਾਣ ਬਣੇ।

ਲੋਕਾਂ ਦੇ ਦਿਲਾਂ 'ਤੇ ਛਾਪ ਛੱਡਣਾ ਮੇਰਾ ਸੁਪਨਾ: ਰਿਧਮ

ਅੰਮਿ੍ਤਸਰ ਦਾ ਹੀ 19 ਸਾਲਾ ਰਿਧਮ ਕਲਿਆਣ ਬਚਪਨ ਤੋਂ ਹੀ ਗਾ ਰਿਹਾ ਹੈ। ਸੰਨੀ ਵਾਂਗ ਪਹਿਲੀ ਵਾਰ ਉਸ ਨੇ ਵੀ ਨੁਸਰਤ ਫ਼ਤਹਿ ਅਲੀ ਖ਼ਾਨ ਦਾ ਹੀ ਗਾਣਾ ਸੁਣ ਕੇ ਗਾਇਆ ਸੀ। ਉਸ ਤੋਂ ਬਾਅਦ ਉਸ ਦੇ ਮਾਮਾ ਜੀ ਤੇ ਨਾਨਾ ਜੀ ਨੇ ਉਸ ਨੂੰ ਗਾਇਕੀ ਲਈ ਉਤਸ਼ਾਹਿਤ ਕੀਤਾ। ਬਚਪਨ ਤੋਂ ਹੀ ਗਾਇਕੀ ਦੀ ਬਦੌਲਤ ਉਸ ਨੂੰ ਛੇਵੀਂ ਜਮਾਤ ਵਿਚ ਅੰਮਿ੍ਤਸਰ ਕੈਬਿ੍ਜ ਸਕੂਲ ਵਿਚ ਮੁਫ਼ਤ ਦਾਖ਼ਲਾ ਮਿਲਿਆ ਜਿੱਥੋਂ 10+2 ਤਕ ਮੁਕਾਬਲਿਆਂ 'ਚ ਉਹ ਪਹਿਲਾ ਸਥਾਨ ਹੀ ਹਾਸਲ ਕਰਦਾ ਰਿਹਾ। ਮੱਧਵਰਤੀ ਪਰਿਵਾਰ ਦਾ ਰਿਧਮ ਇਸ ਵੇਲੇ ਅੰਮਿ੍ਤਸਰ ਦੇ ਐੱਸਐੱਨ ਕਾਲਜ ਵਿਚ ਬੀਏ ਫਾਈਨਲ ਦਾ ਵਿਦਿਆਰਥੀ ਹੈ। ਉਸ ਦਾ ਸੁਪਨਾ ਵੀ ਲੋਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣਾ ਹੈ। ਉਹ ਕਹਿੰਦਾ ਹੈ ਕਿ ਮੁਕਾਬਲਾ ਬਹੁਤ ਸਖ਼ਤ ਹੈ ਪਰ ਉਹ ਦਿਲੋ -ਜਾਨ ਨਾਲ ਲੱਗਾ ਹੋਇਆ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।