ਮੈਚ ਹਾਰ ਕੇ ਵੀ ਜੂਨੀਅਰ ਮਹਿਲਾ ਟੀਮ ਨੇ ਜਿੱਤਿਆ ਟੂਰਨਾਮੈਂਟ

by

ਮੀਡੀਆ ਡੈਸਕ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਆਸਟ੍ਰੇਲੀਆ ਖ਼ਿਲਾਫ਼ 1-2 ਨਾਲ ਟੂਰਨਾਮੈਂਟ ਦੀ ਪਹਿਲੀ ਹਾਰ ਦੇ ਬਾਵਜੂਦ ਅੰਕ ਸੂਚੀ ਵਿਚ ਚੋਟੀ 'ਤੇ ਰਹਿੰਦੇ ਹੋਏ ਤਿੰਨ ਦੇਸ਼ਾਂ ਦਾ ਹਾਕੀ ਟੂਰਨਾਮੈਂਟ ਜਿੱਤ ਲਿਆ। ਭਾਰਤ ਨੇ ਚਾਰ ਮੈਚਾਂ ਵਿਚ ਸੱਤ ਅੰਕ ਹਾਸਲ ਕੀਤੇ। ਮੇਜ਼ਬਾਨ ਆਸਟ੍ਰੇਲੀਆ ਦੇ ਵੀ ਚਾਰ ਮੈਚਾਂ ਵਿਚ ਸੱਤ ਹੀ ਅੰਕ ਸਨ ਪਰ ਭਾਰਤੀ ਟੀਮ ਬਿਹਤਰ ਗੋਲ ਫ਼ਰਕ ਕਾਰਨ ਚੋਟੀ 'ਤੇ ਰਹੀ।

ਆਖ਼ਰੀ ਮੈਚ ਵਿਚ ਭਾਰਤ ਵੱਲੋਂ ਇਕੋ ਇਕ ਗੋਲ ਗਗਨਦੀਪ ਕੌਰ ਨੇ ਕੀਤਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਏਬੀਗੇਲ ਵਿਲਸਨ ਦੇ 15ਵੇਂ ਮਿੰਟ ਵਿਚ ਕੀਤੇ ਗੋਲ ਦੀ ਬਦੌਲਤ ਬੜ੍ਹਤ ਬਣਾਈ। ਏਬੀਗੇਲ ਨੇ ਇਸ ਤੋਂ ਬਾਅਦ 56ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਆਸਟ੍ਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ ਜੋ ਫ਼ੈਸਲਾਕੁਨ ਸਾਬਤ ਹੋਇਆ। ਭਾਰਤੀ ਟੀਮ ਨੂੰ ਪਹਿਲੇ ਕੁਆਰਟਰ ਵਿਚ ਮੇਜ਼ਬਾਨ ਟੀਮ ਨੇ ਲਗਾਤਾਰ ਦਬਾਅ ਵਿਚ ਰੱਖਿਆ। ਭਾਰਤ ਨੂੰ ਸ਼ੁਰੂਆਤੀ 15 ਮਿੰਟ ਵਿਚ ਕੁਝ ਮੌਕੇ ਮਿਲੇ ਪਰ ਟੀਮ ਉਨ੍ਹਾਂ ਦਾ ਫ਼ਾਇਦਾ ਨਾ ਉਠਾ ਸਕੀ। ਆਸਟ੍ਰੇਲੀਆ ਨੂੰ 15ਵੇਂ ਮਿੰਟ ਵਿਚ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਏਬੀਗੇਲ ਨੇ ਗੋਲ ਵਿਚ ਬਦਲ ਕੇ ਮੇਜ਼ਬਾਨ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।

ਭਾਰਤ ਨੇ ਦੂਜੇ ਕੁਆਰਟਰ ਵਿਚ ਬਰਾਬਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਆਸਟ੍ਰੇਲੀਆ ਦੇ ਡਿਫੈਂਸ ਨੂੰ ਤੋੜਨ ਵਿਚ ਮਹਿਮਾਨ ਟੀਮ ਨਾਕਾਮ ਰਹੀ। ਭਾਰਤ ਨੂੰ 22ਵੇਂ ਤੇ 26ਵੇਂ ਮਿੰਟ ਵਿਚ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਉਨ੍ਹਾਂ ਨੂੰ ਗੋਲ ਵਿਚ ਨਾ ਬਦਲ ਸਕੀ। ਦੋ ਮਿੰਟ ਬਾਅਦ ਆਸਟ੍ਰੇਲੀਆ ਨੂੰ ਪੈਨਲਟੀ ਸਟ੍ਰੋਕ 'ਤੇ ਆਪਣੀ ਬੜ੍ਹਤ ਦੁੱਗਣੀ ਕਰਨ ਦਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਬੀਚੂ ਦੇਵੀ ਖਾਰੀਬਾਮ ਨੇ ਸ਼ਾਨਦਾਰ ਬਚਾਅ ਕੀਤਾ।

ਤੀਜੇ ਕੁਆਰਟਰ ਵਿਚ ਵੀ ਦੋਵੇਂ ਹੀ ਟੀਮਾਂ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਵਿਚ ਨਾਕਾਮ ਰਹੀਆਂ। ਭਾਰਤ ਨੇ ਚੌਥੇ ਕੁਆਰਟਰ ਵਿਚ ਸ਼ੁਰੂ ਤੋਂ ਹੀ ਆਸਟ੍ਰੇਲੀਆ ਨੂੰ ਦਬਾਅ ਵਿਚ ਪਾਇਆ। ਟੀਮ ਨੂੰ ਇਸ ਦਾ ਫ਼ਾਇਦਾ 53ਵੇਂ ਮਿੰਟ ਵਿਚ ਪੈਨਲਟੀ ਕਾਰਨਰ ਦੇ ਰੂਪ ਵਿਚ ਮਿਲਿਆ। ਗਗਨਦੀਪ ਨੇ ਇਸ ਤੋਂ ਬਾਅਦ ਆਸਟ੍ਰੇਲੀਆ ਦੀ ਗੋਲਕੀਪਰ ਹਨਾਹ ਏਸਟਬਰੀ ਨੂੰ ਭੁਲੇਖਾ ਪਾਉਂਦੇ ਹੋਏ ਗੋਲ ਕਰ ਕੇ ਭਾਰਤ ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ। ਭਾਰਤੀ ਖਿਡਾਰਨਾਂ ਹਾਲਾਂਕਿ ਇਸ ਗੋਲ ਦਾ ਜਸ਼ਨ ਜ਼ਿਆਦਾ ਦੇਰ ਤਕ ਨਾ ਮਨਾ ਸਕੀਆਂ ਤੇ ਤਿੰਨ ਮਿੰਟ ਬਾਅਦ ਹੀ ਏਬੀਗੇਲ ਨੇ ਪੈਨਲਟੀ ਕਾਰਨਰ 'ਤੇ ਇਕ ਹੋਰ ਗੋਲ ਕਰ ਕੇ ਆਸਟ੍ਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਆਖ਼ਰੀ ਸਮੇਂ ਵਿਚ ਬਰਾਬਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਾਮਯਾਬੀ ਨਾ ਮਿਲੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।