ਸਿੰਗਾਪੁਰ ‘ਚ ਹੱਤਿਆ ਮਾਮਲੇ ‘ਚ ਭਾਰਤੀ ਮੂਲ ਦੀ ਔਰਤ ਦੀ ਅਪੀਲ ਖਾਰਜ

by jaskamal

ਨਿਊਜ਼ ਡੈਸਕ : ਸਿੰਗਾਪੁਰ ਦੀ ਅਦਾਲਤ ਨੇ ਹੱਤਿਆ ਦੇ ਇਕ ਮਾਮਲੇ 'ਚ ਭਾਰਤੀ ਮੂਲ ਦੀ ਮਹਿਲਾ ਗਾਇਤਰੀ ਮੁਰੂਗਯਨ ਦੀ ਅਪੀਲ ਖਾਰਜ ਕਰ ਦਿੱਤੀ। ਉਸਨੂੰ ਆਪਣੀ ਨੌਕਰਾਣੀ ਦੀ ਹੱਤਿਆ ਕਰਨ ਦੇ ਮਾਮਲੇ 'ਚ 30 ਸਾਲ ਜੇਲ੍ਹ ਦੀ ਸਜ਼ਾ ਮਿਲੀ ਹੈ। ਉਸਨੇ ਆਪਣੀ ਸਜ਼ਾ ਦੇ ਖ਼ਿਲਾਫ਼ ਨਵੇਂ ਸਬੂਤ ਪੇਸ਼ ਕਰਨ ਲਈ ਕੋਰਟ 'ਚ ਅਪੀਲ ਕੀਤੀ ਸੀ। ਸਥਾਨਕ ਮੀਡੀਆ ਮੁਤਾਬਕ, ਗਾਇਤਰੀ ਕੋਰਟ ਨੂੰ ਆਪਣੀ ਤੇ ਪੀੜਤਾ ਦੇ ਪਰਿਵਾਰ ਦੇ ਵਿਚਾਲੇ ਵ੍ਹਟਸਐਪ ਮੈਸੇਜ ਦਿਖਾਉਣਾ ਚਾਹੁੰਦੀ ਸੀ, ਜਿਸ 'ਚ ਪੀੜਤਾ ਦੇ ਪਰਿਵਾਰ ਨੇ ਗਾਇਤਰੀ ਨੂੰ ਮਾਫ਼ ਕਰ ਦਿੱਤਾ।

ਇਸ ਤੋਂ ਇਲਾਵਾ ਉਹ ਇਕ ਮਨੋਚਿਕਿਤਸਕ ਦੀ ਰਿਪੋਰਟ ਵੀ ਪੇਸ਼ ਕਰਨਾ ਚਾਹੁੰਦੀ ਸੀ। ਕੋਰਟ ਨੇ ਪਿਛਲੇ ਸਾਲ ਫਰਵਰੀ 'ਚ ਗਾਇਤਰੀ ਨੂੰ ਦੋਸ਼ੀ ਠਹਿਰਾਉਂਦੇ ਹੋਏ 30 ਸਾਲ ਦੀ ਸਜ਼ਾ ਸੁਣਾਈ ਸੀ। ਮਿਆਂਮਾਰ ਦੀ ਰਹਿਣ ਵਾਲੀ ਪਿਆਂਗ ਨਗੈਰਹਡੋਨ ਨਾਂ ਦੀ ਔਰਤ ਗਾਇਤਰੀ ਦੇ ਘਰ ਕੰਮ ਕਰਦੀ ਸੀ। 14 ਮਹੀਨੇ ਦੇ ਸ਼ੋਸ਼ਣ ਤੋਂ ਬਾਅਦ ਉਸਦੀ 16 ਜੁਲਾਈ 2016 ਨੂੰ ਮੌਤ ਹੋ ਗਈ ਸੀ। ਉਸਨੂੰ ਭੁੱਖਾ ਰੱਖਿਆ ਜਾਂਦਾ ਸੀ ਤੇ ਕੁੱਟਮਾਰ ਹੁੰਦੀ ਸੀ।