ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਭਾਰਤੀ ਲੋਕਾਂ ਦੇ ਅੰਦੋਲਨ ਦਾ ਮਹੱਤਵ ਵਿਸ਼ਵ ਵਿਆਪੀ : ਕਿਸਾਨ ਆਗੂ

by vikramsehajpal

ਬੁਢਲਾਡਾ (ਕਰਨ) - ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਵਿਖੇ ਚੱਲ ਰਿਹਾ ਧਰਨਾ ਅੱਜ 205 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ ਤੋਂ ਇਲਾਵਾ ਡਕੌਂਦਾ ਜਥੇਬੰਦੀ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਸੁਖਵਿੰਦਰ ਸਿੰਘ ਗੁਰਨੇ ਖੁਰਦ ਨੇ ਸੰਬੋਧਨ ਕੀਤਾ।

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਗੂੰਜ ਸੰਸਾਰ ਕੋਨੇ ਕੋਨੇ ਤੱਕ ਪਹੁੰਚ ਗਈ ਹੈ ਅਤੇ ਇਸ ਅੰਦੋਲਨ ਦਾ ਮਹੱਤਵ ਵਿਸਵ ਵਿਆਪੀ ਬਣ ਗਿਆ ਹੈ। ਜਿਸ ਕਾਰਨ ਹੁਣ ਮੁੱਖ ਲੜਾਈ ਭਾਰਤ ਦੇਸ਼ ਦੇ ਕਿਰਤੀਆਂ ਦੀ ਅਮਰੀਕਾ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਨਾਲ ਬਣ ਗਈ ਹੈ। ਇਸਨੂੰ ਸਾਰੀ ਦੁਨੀਆਂ ਦੇ ਦੇਸ਼ ਭਲੀਭਾਂਤ ਸਮਝ ਚੁੱਕੇ ਹਨ ਅਤੇ ਸਾਮਰਾਜ ਸਮੇਤ ਲੋਟੂ ਕਾਰਪੋਰੇਟ ਘਰਾਣਿਆਂ ਖਿਲਾਫ਼ ਦੁਨੀਆਂ ਭਰ ਵਿੱਚੋਂ ਅਵਾਜ਼ਾਂ ਉੱਠ ਰਹੀਆਂ ਹਨ। ਦੁਨੀਆਂ ਦੇ ਮਿਹਨਤਕਸ਼ ਅਤੇ ਮਨੁੱਖਤਾ ਪੱਖੀ ਭਾਰਤ ਦੇ ਸੰਘਰਸ਼ੀ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਵਾ ਕਰ ਰਹੇ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਸਾਮਰਾਜ ਅਤੇ ਕਾਰਪੋਰੇਟਾਂ ਦੇ ਪੰਜਾਬ ਹਰਿਆਣਾ ਸਮੇਤ ਦੇਸ਼ ਦੀਆਂ ਉਪਜਾਊ ਜਮੀਨਾਂ 'ਤੇ ਕਾਬਜ਼ ਹੋਣ ਦੇ ਸੁਪਨੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਖੁਰਾਕੀ ਪੈਦਾਵਾਰ ਸਾਧਨਾਂ 'ਤੇ ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਨਾਲ ਭੁੱਖਮਰੀ ਵਿੱਚ ਬੇਸ਼ੁਮਾਰ ਵਾਧਾ ਹੋਵੇਗਾ ਅਤੇ ਦੇਸ਼ ਆਰਥਿਕ ਪੱਖੋਂ ਤਬਾਹ ਹੋ ਜਾਵੇਗਾ। ਧਰਨੇ ਨੂੰ ਹੋਰਨਾਂ ਤੋਂ ਬਿਨਾਂ ਬਹਾਦਰ ਸਿੰਘ ਇਕਾਈ ਪ੍ਰਧਾਨ ਗੁਰਨੇ ਖੁਰਦ, ਸੁਖਦੇਵ ਸਿੰਘ ਗੁਰਨੇ ਕਲਾਂ, ਗੁਰਚਰਨ ਸਿੰਘ, ਬਲਦੇਵ ਸਿੰਘ ਗੁਰਨੇ ਖੁਰਦ, ਨਾਜਰ ਸਿੰਘ ਅਤੇ ਮਿੱਠੂ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ ।