ਕਿਸਾਨਾਂ ਕਾਰਨ ਭਾਰਤੀ ਰੇਲਵੇ ਨੂੰ ਹੋਇਆ ਕਰੋੜਾਂ ਦਾ ਨੁਕਸਾਨ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਕਿਸਾਨਾਂ ਵੱਲੋਂ ਰੋਸ ਵਜੋਂ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦਾ ਮਾੜਾ ਪ੍ਰਭਾਅ ਰੇਲਵੇ ਨੂੰ ਨੁਕਸਾਨ ਦੇ ਰੁਪ ਵਿੱਚ ਝੱਲਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਭਾਰਤੀ ਰੇਲਵੇ ਨੂੰ ਹੁਣ ਤੱਕ 2,220 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਰੇਲਵੇ ਨੂੰ 2,352 ਯਾਤਰੀ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਸੀ।

ਰੇਲਵੇ ਦੇ ਕੰਮ ਨਾ ਕਰਨ ਕਾਰਨ ਆਵਾਜਾਈ ਤੇ ਵਪਾਰ ਪ੍ਰਭਾਵਿਤ ਹੋ ਰਿਹਾ ਹੈ।ਰੇਲਵੇ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਪੰਜਾਬ ਵਿੱਚ ਆਉਣ ਵਾਲੀਆਂ ਰੇਲ ਗੱਡੀਆਂ ਕਿਸਾਨਾਂ ਦੇ ਅੰਦੋਲਨ ਕਾਰਨ ਪ੍ਰਭਾਵਿਤ ਹੋ ਰਹੀਆਂ ਹਨ। ਇਸ ਨਾਲ ਰੇਲਵੇ ਨੂੰ ਪ੍ਰਤੀ ਦਿਨ ਔਸਤਨ 30 ਰੈਕ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਪੰਜਾਬ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਵੀ ਪ੍ਰਭਾਵਤ ਹੋ ਰਹੀਆਂ ਹਨ। ਜਿਸ ਕਾਰਨ ਰੇਲਵੇ ਨੂੰ ਪ੍ਰਤੀ ਦਿਨ 40 ਰੈਕਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਰੇਲਵੇ ਟਰੈਕਾਂ 'ਤੇ ਰੁਕਾਵਟਾਂ ਕਾਰਨ ਕੁੱਲ 3,850 ਮਾਲਗੱਡੀਆਂ ਨੂੰ ਲੋਡ ਨਹੀਂ ਕੀਤਾ ਜਾ ਸਕਿਆ।ਉੱਤਰੀ ਰੇਲਵੇ ਨੂੰ ਪ੍ਰਤੀ ਦਿਨ ਔਸਤਨ 14.85 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ। ਇਸ ਦੇ ਅਨੁਸਾਰ, ਪਿਛਲੇ 55 ਦਿਨਾਂ ਵਿੱਚ ਉੱਤਰੀ ਰੇਲਵੇ ਨੂੰ 825 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਉਥੇ ਹੀ ਯਾਤਰੀ ਰੇਲ ਗੱਡੀਆਂ ਰੱਦ ਹੋਣ ਕਾਰਨ ਰੇਲਵੇ ਨੂੰ 67 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉੱਤਰੀ ਰੇਲਵੇ ਨੂੰ ਮਾਲ ਗੱਡੀਆਂ ਅਤੇ ਯਾਤਰੀ ਰੇਲ ਗੱਡੀਆਂ ਦੇ ਠੱਪ ਹੋਣ ਕਾਰਨ ਕੁਲ 891 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।