ਬਾਇਡਨ ਪ੍ਰਸ਼ਾਸਨ ਵੱਲੋਂ 4 ਭਾਰਤੀ-ਅਮਰੀਕੀ ਸੀਨੀਅਰ ਅਹੁਦਿਆਂ ’ਤੇ ਨਿਯੁਕਤ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਬਾਇਡਨ ਪ੍ਰਸ਼ਾਸਨ ਵੱਲੋਂ 4 ਭਾਰਤੀ-ਅਮਰੀਕੀਆਂ ਨੂੰ ਊਰਜਾ ਵਿਭਾਗ ਵਿੱਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਤਾਰਕ ਸ਼ਾਹ ਨੂੰ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਤਾਨਿਆ ਦਾਸ ਨੂੰ ਵਿਗਿਆਨ ਦਫ਼ਤਰ ਵਿੱਚ ਸਟਾਫ਼ ਦਾ ਮੁਖੀ ਲਗਾਇਆ ਹੈ। ਨਾਰਾਇਣ ਸੁਬਰਾਮਨੀਅਨ ਜਨਰਲ ਕੌਂਸਲ ਦੇ ਦਫ਼ਤਰ ਵਿੱਚ ਕਾਨੂੰਨੀ ਸਲਾਹਕਾਰ ਦੇ ਅਹੁਦੇ ’ਤੇ ਨਿਯੁਕਤ ਕੀਤੇ ਗਏ ਹਨ ਅਤੇ ਸ਼ੁਚੀ ਤਲਾਤੀ ਨੂੰ ਜੈਵਿਕ ਊਰਜਾ ਦੇ ਦਫ਼ਤਰ ਵਿੱਚ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਊਰਜਾ ਵਿਭਾਗ ਵਿੱਚ 19 ਸੀਨੀਅਰ ਅਹੁਦਿਆਂ ’ਤੇ ਨਿਯੁਕਤੀਆਂ ਦਾ ਐਲਾਨ ਕਰਨ ਤੋਂ ਬਾਅਦ ਸ੍ਰੀ ਸ਼ਾਹ ਨੇ ਕਿਹਾ, ‘‘ਇਹ ਪ੍ਰਤਿਭਾਵਾਨ ਤੇ ਕੁਸ਼ਲ ਜਨ ਸੇਵਕ ਰਾਸ਼ਟਰਪਤੀ ਜੋਅ ਬਾਇਡਨ ਦੇ ਜਲਵਾਯੂ ਬਦਲਾਅ ਦੇ ਸੰਕਟ ਤੋਂ ਨਜਿੱਠਣ ਅਤੇ ਭਵਿੱਖ ਵਿੱਚ ਇਕ ਬਿਹਤਰ ਸਵੱਛ ਊਰਜਾ ਦੇ ਨਿਰਮਾਣ ਦੇ ਟੀਚੇ ਨੂੰ ਪੂਰਾ ਕਰਨਗੇ।’’