ਨਹੀਂ ਰਿਹਾ ਭਾਰਤ ਦਾ ਚੈਂਪੀਅਨ ‘ਸੁਲਤਾਨ’ ਝੋਟਾ

by vikramsehajpal

ਕੈਥਲ (ਦੇਵ ਇੰਦਰਜੀਤ) : ਭਾਰਤ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰਨ ਵਾਲਾ ਸੁਲਤਾਨ ਨਾਂ ਦਾ ਝੋਟਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ। ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਸੁਲਤਾਨ ਮੁੱਰਾ ਨਸਲ ਦਾ ਝੋਟਾ ਸੀ। ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸੁਲਤਾਨ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਪਹਿਲੇ ਨੰਬਰ ’ਤੇ ਆਉਂਦਾ ਰਿਹਾ ਹੈ।

ਕੈਥਲ ਦੇ ਬੁੱਢਾਖੇੜਾ ਪਿੰਡ ਦੇ ਸੁਲਤਾਨ ਨੇ ਨਾ ਸਿਰਫ ਕੈਥਲ ਸਗੋਂ ਪੂਰੇ ਹਰਿਆਣਾ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੇ ਮਾਲਕ ਨਰੇਸ਼ ਦਾ ਕਹਿਣਾ ਹੈ ਕਿ ਸੁਲਤਾਨ ਵਰਗਾ ਨਾ ਕੋਈ ਸੀ ਤੇ ਸ਼ਾਇਦ ਨਾ ਕੋਈ ਹੋਵੇਗਾ। ਉਸ ਦੇ ਕਾਰਨ ਅੱਜ ਪੂਰੇ ਉੱਤਰੀ ਹਰਿਆਣਾ ਦੇ ਲੋਕ ਸਾਨੂੰ ਜਾਣਦੇ ਹਨ।

ਸੁਲਤਾਨ ਦੇ ਵੀਰਜ ਤੋਂ ਲੱਖਾਂ ਰੁਪਏ ਦੀ ਕਮਾਈ ਹੁੰਦੀ ਸੀ। ਸੁਲਤਾਨ ਇਕ ਸਾਲ ਵਿੱਚ 30 ਹਜ਼ਾਰ ਵੀਰਜ ਡੋਜ਼ ਦਿੰਦਾ ਸੀ, ਜੋ ਲੱਖਾਂ ਰੁਪਏ ਵਿਚ ਵਿਕਦੀਆਂ ਸਨ। ਸੁਲਤਾਨ ਸਾਲ 2013 ਵਿਚ ਝੱਜਰ, ਕਰਨਾਲ ਅਤੇ ਹਿਸਾਰ ਵਿਚ ਹੋਈ ਰਾਸ਼ਟਰੀ ਪਸ਼ੂ ਸੁੰਦਰਤਾ ਮੁਕਾਬਲੇ 'ਚ ਰਾਸ਼ਟਰੀ ਜੇਤੂ ਵੀ ਰਿਹਾ ਹੈ।

ਰਾਜਸਥਾਨ ਦੇ ਪੁਸ਼ਕਰ ਮੇਲੇ 'ਚ ਇਕ ਪਸ਼ੂ ਪ੍ਰੇਮੀ ਨੇ ਸੁਲਤਾਨ 'ਤੇ 21 ਕਰੋੜ ਰੁਪਏ ਦੀ ਕੀਮਤ ਰੱਖੀ ਸੀ ਪਰ ਨਰੇਸ਼ ਨੇ ਕਿਹਾ ਕਿ ਸੁਲਤਾਨ ਉਸ ਦਾ ਪੁੱਤਰ ਹੈ ਅਤੇ ਪੁੱਤਰਾਂ ਦੀ ਕੋਈ ਕੀਮਤ ਨਹੀਂ ਹੈ।

ਨਰੇਸ਼ ਅਤੇ ਉਸ ਦਾ ਭਰਾ, ਸੁਲਤਾਨ ਦੀ ਆਪਣੇ ਪੁੱਤਰ ਦੀ ਤਰ੍ਹਾਂ ਦੇਖਭਾਲ ਕਰਦੇ ਸਨ। ਨਰੇਸ਼ ਨੇ ਬਚਪਨ ਤੋਂ ਹੀ ਸੁਲਤਾਨ ਦੀ ਪਰਵਰਿਸ਼ ਕੀਤੀ ਹੈ। ਉਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਿਆਰ ਦਿੱਤਾ ਸੀ ਪਰ ਅੱਜ ਉਸ ਦੇ ਜਾਣ ਤੋਂ ਬਾਅਦ ਪਰਿਵਾਰ ਵਿਚ ਇਕ ਕਮੀ ਜਿਹੀ ਮਹਿਸੂਸ ਹੋ ਰਹੀ ਹੈ।

ਨਰੇਸ਼ ਹਰ ਸਮੇਂ ਉਸ ਦੀ ਤਸਵੀਰ ਨੂੰ ਵੇਖਦਾ ਰਹਿੰਦਾ ਹੈ। ਉਸ ਦੇ ਪੁਰਸਕਾਰਾਂ ਨੂੰ ਵੇਖਦੇ ਰਹਿੰਦਾ ਹੈ। ਨਰੇਸ ਨੇ ਦੱਸਿਆ ਕਿ ਸੁਲਤਾਨ ਸਵੇਰ ਦੇ ਨਾਸ਼ਤੇ ਵਿਚ ਦੇਸੀ ਘਿਓ ਅਤੇ ਦੁੱਧ ਪੀਂਦਾ ਸੀ।

ਪਸ਼ੂ ਮੇਲਿਆਂ ਵਿਚ ਸੁਲਤਾਨ ਨੇ ਨਰੇਸ਼ ਅਤੇ ਉਸ ਦੇ ਪਰਿਵਾਰ ਨੂੰ ਇੰਨੇ ਇਨਾਮ ਦਿਵਾਏ ਕਿ ਅੱਜ ਹਰ ਕੋਈ ਉਨ੍ਹਾਂ ਨੂੰ ਸਿਰਫ ਸੁਲਤਾਨ ਦੇ ਕਾਰਨ ਜਾਣਦਾ ਹੈ। ਸੁਲਤਾਨ ਨੇ ਹਰ ਮੁਕਾਬਲੇ ਵਿਚ ਝੰਡੇ ਬੁਲੰਦ ਕੀਤੇ ਹਨ। ਨਰੇਸ਼ ਕਹਿੰਦਾ ਹੈ ਕਿ ਸੁਲਤਾਨ ਦੇ ਜਾਣ ਦਾ ਦੁੱਖ ਇੰਨਾ ਜ਼ਿਆਦਾ ਹੈ ਕਿ ਉਸ ਦੀ ਯਾਦ ਉਸ ਦੇ ਦਿਲ ਤੋਂ ਜਾਂਦੀ ਹੀ ਨਹੀਂ।

ਹੁਣ ਕੋਸ਼ਿਸ਼ ਕਰਨਗੇ ਕਿ ਕਿਸੇ ਨੂੰ ਪਰਵਰਿਸ਼ ਦੇ ਕੇ ਉਸ ਦੇ ਵਰਗਾ ਬਣਾ ਸਕੀਏ ਪਰ ਉਸ ਦੀ ਕਮੀ ਤਾਂ ਪੂਰੀ ਨਹੀਂ ਹੋਵੇਗੀ। ਨਰੇਸ਼ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਸੁਲਤਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ, ਜਿਸ ਦਾ ਦੁੱਖ ਬਹੁਤ ਹੈ। ਉਸ ਦੀ ਮੌਤ ’ਤੇ ਦੁੱਖ ਜਤਾਉਣ ਲਈ ਪਸ਼ੂ ਪੇ੍ਰਮੀ ਸੋਗ ’ਚ ਡੁੱਬੇ ਹਨ ਅਤੇ ਦੂਰ-ਦੂਰ ਤੋਂ ਪਹੁੰਚ ਰਹੇ ਹਨ।