ਪਾਕਿਸਤਾਨ,(ਦੇਵ ਇੰਦਰਜੀਤ) :ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਪਿਛਲਾ ਸਮਾਂ ਭੁੱਲ ਕੇ ਭਾਰਤ ਤੇ ਪਾਕਿਸਤਾਨ ਅੱਗੇ ਵਧਣ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਨਾਲ ਖੇਤਰ 'ਚ ਸੰਪੰਨਤਾ ਤੇ ਖ਼ੁਸ਼ਹਾਲੀ ਆਏਗੀ। ਇੰਨਾ ਹੀ ਨਹੀਂ ਭਾਰਤ ਲਈ ਮੱਧ ਏਸ਼ੀਆ ਤਕ ਪਹੁੰਚ ਆਸਾਨ ਹੋ ਜਾਵੇਗੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਪਹਿਲ ਕਰ ਚੁੱਕੇ ਹਨ। ਉਨ੍ਹਾਂ ਵੀ ਇਕ ਦਿਨ ਪਹਿਲਾਂ ਕੁਝ ਇਸੇ ਤਰ੍ਹਾਂ ਦੀਆਂ ਗੱਲਾਂ ਕਹੀਆਂ ਸਨ। ਦੱਸਣਯੋਗ ਹੈ ਕਿ ਪਾਕਿਸਤਾਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਨਿਗਰਾਨੀ ਸੂਚੀ ਯਾਨੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਲਈ ਤੜਫ ਰਿਹਾ ਹੈ। ਅੱਤਵਾਦੀ ਫੰਡਿੰਗ ਨੂੰ ਲੈ ਕੇ ਉਸ ਨੂੰ ਇਸ ਸੂਚੀ ਵਿਚ ਪਾਇਆ ਗਿਆ ਹੈ।
ਪਾਕਿਸਤਾਨ ਦੇ ਫ਼ੌਜ ਮੁਖੀ ਬਾਜਵਾ ਨੇ ਇੱਥੇ ਵੀਰਵਾਰ ਨੂੰ ਇਕ ਪ੍ਰਰੋਗਰਾਮ 'ਚ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਮਾਂ ਪਿਛਲੇ ਸਮੇਂ ਨੂੰ ਦਫਨ ਕਰਨ ਤੇ ਅੱਗੇ ਵਧਣ ਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਸ਼ਮੀਰ ਰਾਗ ਅਲਾਪਦੇ ਹੋਏ ਕਿਹਾ ਕਿ ਅਰਥਪੂਰਨ ਗੱਲਬਾਤ ਲਈ ਮਾਹੌਲ ਬਣਾਉਣਾ ਭਾਰਤ ਦੀ ਜ਼ਿੰਮੇਵਾਰੀ ਹੈ। ਸਾਡੇ ਗੁਆਂਢੀ ਨੂੰ ਕਸ਼ਮੀਰ 'ਚ ਅਨੁਕੂਲ ਮਾਹੌਲ ਬਣਾਉਣਾ ਪਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਜੇਕਰ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਸ਼ਾਂਤੀ ਸਥਾਪਿਤ ਹੁੰਦੀ ਹੈ ਤਾਂ ਇਸ ਨਾਲ ਭਾਰਤ ਨੂੰ ਸਾਧਨ ਸੰਪੰਨ ਮੱਧ ਏਸ਼ੀਆ ਤਕ ਪੁੱਜਣ ਵਿਚ ਮਦਦ ਮਿਲੇਗੀ।



