ਸਿੰਧੂ ਜਲ ਸਮਝੌਤਾ ‘ਤੇ ਭਾਰਤ-ਪਾਕਿਸਤਾਨ ‘ਚ ਇਤਿਹਾਸਕ ਵਾਰਤਾ ਦੀ ਸ਼ੁਰੂਆਤ

by vikramsehajpal

ਦਿੱਲੀ,(ਦੇਵ ਇੰਦਰਜੀਤ) :ਨਵੀਂ ਦਿੱਲੀ 'ਚ ਸਿੰਧੂ ਜਲ ਵੰਡ ਨੂੰ ਲੈ ਕੇ ਅੱਜ ਤੋਂ ਸਥਾਈ ਕਮਿਸ਼ਨ ਦੀ ਦੋ ਦਿਨਾਂ ਬੈਠਕ ਸ਼ੁਰੂ ਹੋ ਗਈ। ਸਿੰਧੂ ਜਲ ਸਮਝੌਤੇ 'ਤੇ ਆਧਾਰਿਤ ਸਥਾਈ ਸਿੰਧੂ ਕਮਿਸ਼ਨ ਦੀ ਦਿੱਲੀ ਵਿਚ ਹੋਣ ਵਾਲੀ ਦੋ ਰੋਜ਼ਾ ਮੀਟਿੰਗ ਵਿਚ ਸ਼ਮੂਲੀਅਤ ਕਰਨ ਲਈ ਸੋਮਵਾਰ ਨੂੰ ਪਾਕਿਸਤਾਨ ਤੋਂ ਪਾਕਿਸਤਾਨ ਦੇ ਪਾਣੀ ਕਮਿਸ਼ਨਰ ਸਈਅਦ ਮੁਹੰਮਦ ਮਿਹਰ ਅਲੀ ਸ਼ਾਹ ਦੀ ਅਗਵਾਈ 'ਚ ਸੱਤ ਮੈਂਬਰੀ ਅਧਿਕਾਰੀਆਂ ਦਾ ਵਫ਼ਦ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਅਟਾਰੀ ਸਥਿਤ ਆਈਸੀਪੀ ਵਿਖੇ ਪੁੱਜਣ 'ਤੇ ਭਾਰਤ ਦੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਟੈਸਟ ਕਰਨ ਉਪਰੰਤ ਹੀ ਭਾਰਤ ਆਏ ਇਸ ਵਫ਼ਦ ਦੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਜਾਣਕਾਰੀ ਅਨੁਸਾਰ ਸਿੰਧੂ ਜਲ ਸਮਝੌਤੇ 'ਤੇ ਆਧਾਰਿਤ ਸਿੰਧੂ ਕਮਿਸ਼ਨ ਦੀ ਮੀਟਿੰਗ 23 ਤੇ 24 ਮਾਰਚ ਨੂੰ ਦਿੱਲੀ ਵਿਚ ਹੋਵੇਗੀ।

ਜਿਕਰਯੋਗ ਹੈ ਕੀ ਫਰਵਰੀ 2019 ਵਿਚ ਪਾਕਿਸਤਾਨ ਦੀ ਸ਼ਹਿ ਪ੍ਰਰਾਪਤ ਦਹਿਸ਼ਤਗਰਦਾਂ ਵੱਲੋਂ ਪੁਲਵਾਮਾ 'ਚ ਅੱਤਵਾਦੀ ਹਮਲੇ ਪਿੱਛੋਂ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਨੂੰ ਸਿੰਧੂ ਦਰਿਆ ਦਾ ਪਾਣੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 1960 ਵਿਚ ਦੋਵਾਂ ਮੁਲਕਾਂ ਵਿਚਾਲੇ ਜਿਹਲਮ, ਝਨਾਬ, ਬਿਆਸ, ਰਾਵੀ ਤੇ ਸਤਲੁਜ ਦੇ ਪਾਣੀ ਨੂੰ ਲੈ ਕੇ ਸਮਝੌਤਾ ਹੋਇਆ ਸੀ। ਇਸ ਮੁਤਾਬਕ ਜਿਹਲਮ ਤੇ ਝਨਾਬ ਦੇ ਪਾਣੀ ਦੀ ਵਰਤੋਂ ਪਾਕਿਸਤਾਨ ਲਈ ਹੋਵੇਗੀ, ਜਦੋਂ ਕਿ ਰਾਵੀ, ਬਿਆਸ ਤੇ ਸਤਲੁਜ ਦੇ ਪਾਣੀ 'ਤੇ ਭਾਰਤ ਦਾ ਹੱਕ ਹੋਵੇਗਾ।