ਕਪੂਰਥਲਾ (ਨੇਹਾ): ਥੇਹ ਕਾਂਜਲਾ ਸਥਿਤ ਮਾਡਰਨ ਜ਼ੇਲ੍ਹ ਵਿਚ ਇਕ ਹਵਾਲਾਤੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਹੈ। ਜ਼ੇਲ੍ਹ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ ਅਤੇ ਪੋਸਟਮਾਰਟਮ 3 ਡਾਕਟਰਾਂ ਦੇ ਬੋਰਡ ਵੱਲੋਂ ਰਜਿਸਟਰਡ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਕੀਤਾ ਗਿਆ। ਮ੍ਰਿਤਕਾ ਹਵਾਲਾਤੀ ਦੀ ਪਛਾਣ ਯੋਗਰਾਜ ਉਮਰ (20) ਪੁੱਤਰ ਪਾਲਾ ਵਾਸੀ ਪਿੰਡ ਕੁਲਾਰਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਯੋਗਰਾਜ ਪਿਛਲੇ ਢਾਈ ਸਾਲਾਂ ਤੋਂ ਲੜਾਈ ਝਗੜੇ ਦੇ ਮਾਮਲੇ ਵਿਚ ਜ਼ੇਲ੍ਹ ਵਿਚ ਬੰਦ ਸੀ। ਉਸਦਾ ਪਿੰਡ ਦੇ ਲੋਕਾਂ ਨਾਲ ਝਗੜਾ ਹੋਇਆ ਸੀ, ਜਿਸ ਵਿਚ ਦੂਜੀ ਧਿਰ ਦੇ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਸੀ। ਯੋਗਰਾਜ ਦੇ ਰਿਸ਼ਤੇ ‘ਚ ਲੱਗਦੇ ਭਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਜ਼ੇਲ੍ਹ ਤੋਂ ਫੋਨ ਆਇਆ ਕਿ ਯੋਗਰਾਜ ਦੀ ਜ਼ੇਲ੍ਹ ਵਿਚ ਮੌਤ ਹੋ ਗਈ ਹੈ।
ਜਦੋ ਉਹ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚੇ ਤਾਂ ਦੇਖਿਆ ਕਿ ਉਸਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



