ਪਤੀ-ਪਤਨੀ ਦੇ ਝਗੜੇ ਦੀ 6 ਮਹੀਨੇ ਦੇ ਮਾਸੂਮ ਨੂੰ ਭੁਗਤਣੀ ਪਈ ਖੌਫਨਾਕ ਸਜ਼ਾ

by jaskamal

ਨਿਊਜ਼ ਡੈਸਕ : ਸਥਾਨਕ ਵੀਆਈਪੀ ਰੋਡ ਸਥਿਤ ਪੇਂਟਾ ਹੋਮਜ਼ ਸੁਸਾਇਟੀ ਨਿਵਾਸੀ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੇ 6 ਮਹੀਨੇ ਦੇ ਬੱਚੇ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਅਭਿਸ਼ੇਕ ਸ਼ਰਮਾ ਨਿਵਾਸੀ ਦੇਹਰਾਦੂਨ, ਉੱਤਰਾਖੰਡ ਹਾਲ ਨਿਵਾਸੀ ਪੇਂਟਾ ਹੋਮਜ਼ ਜ਼ੀਰਕਪੁਰ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਆਈ. ਟੀ. ਪਾਰਕ ਸਥਿਤ ਇਕ ਆਈਟੀ ਕੰਪਨੀ 'ਚ ਕੰਮ ਕਰਦਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੁਲਜ਼ਮ ਦੀ ਪਤਨੀ 26 ਸਾਲਾ ਨਿਤਿਕਾ ਨੇ ਦੱਸਿਆ ਕਿ ਉਸ ਦਾ ਵਿਆਹ ਉੱਤਰਾਖੰਡ ਦੇ ਦੇਹਰਾਦੂਨ ਨਿਵਾਸੀ ਅਭਿਸ਼ੇਕ ਸ਼ਰਮਾ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਜਨਵਰੀ, 2022 'ਚ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਇਆ। ਵਿਆਹ ਮਗਰੋਂ ਹੀ ਉਸ ਦਾ ਪਤੀ ਝਗੜਾ ਕਰਨ ਲੱਗਾ ਸੀ। 11 ਜੂਨ ਦੀ ਰਾਤ ਉਹ ਆਪਣੇ ਘਰ ਉੱਤਰਾਖੰਡ ਗਈ ਸੀ, ਜਿੱਥੇ ਉਸ ਦਾ ਸਹੁਰੇ ਘਰ ਵਾਲਿਆਂ ਨਾਲ ਝਗੜਾ ਹੋ ਗਿਆ। ਬਹਿਸ ਤੋਂ ਬਾਅਦ ਉਹ ਸਵੇਰੇ 2 ਵਜੇ ਆਪਣੇ ਜ਼ੀਰਕਪੁਰ ਪੇਂਟਾ ਹੋਮਜ਼ ਘਰ 'ਚ ਪਰਤ ਆਈ। ਘਰ ਪਹੁੰਚੇ ਤਾਂ ਦੋਹਾਂ ਵਿਚਕਾਰ ਫਿਰ ਤੋਂ ਝਗੜਾ ਹੋ ਗਿਆ। ਬਹਿਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇਸ ਦੌਰਾਨ ਪਤੀ ਨੇ ਬੱਚੇ ਨੂੰ ਆਪਣੇ ਕੋਲ ਰੱਖ ਲਿਆ।

ਉਸ ਨੇ ਵਾਰ-ਵਾਰ ਦਰਵਾਜ਼ਾ ਖੜਕਾਇਆ ਪਰ ਉਸ ਦੇ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਉਹ ਢਕੋਲੀ ਨਿਵਾਸੀ ਆਪਣੀ ਭੈਣ ਦੇ ਘਰ ਚਲੀ ਗਈ। ਸ਼ਿਕਾਇਤਰਕਤਾ ਨੇ ਦੱਸਿਆ ਕਿ ਜਦੋਂ ਉਹ ਅਗਲੀ ਸ਼ਾਮ ਆਪਣੇ ਘਰ ਆਈ ਤਾਂ ਉਸ ਦਾ ਪਤੀ ਬੈਠਾ ਸੀ ਤੇ ਉਸ ਦਾ ਪੁੱਤਰ ਬਿਸਤਰੇ 'ਤੇ ਬੇਸੁੱਧ ਪਿਆ ਸੀ। ਉਸ ਨੇ ਬੱਚੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਉਸ ਦਾ ਮੂੰਹ ਦਬਾ ਕੇ ਕਤਲ ਕਰ ਦਿੱਤਾ ਹੈ। ਥਾਣਾ ਪ੍ਰਮੁੱਖ ਦੀਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਸਵੇਰੇ 8 ਵਜੇ ਮਿਲੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ।