IPL 2022 : ਪੰਜਾਬ ਦੀਆਂ ਪਲੇਅ-ਔਫ ਦੀਆਂ ਉਮੀਦਾਂ ਖ਼ਤਮ, ਦਿੱਲੀ ਨੇ 17 ਦੌੜਾਂ ਨਾਲ ਦਿੱਤੀ ਮਾਤ

by jaskamal

ਨਿਊਜ਼ ਡੈਸਕ : ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ IPL 2022 ਦਾ 64ਵਾਂ ਮੈਚ ਮੁੰਬਈ ਦੇ ਡਾ. ਡੀਵਾਈ ਪਾਟਿਲ ਸਪੋਰਟਸ ਅਕੈਡਮੀ ’ਚ ਖੇਡਿਆ ਗਿਆ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦਿੱਲੀ ਨੇ ਪੰਜਾਬ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ ਸੀ। ਦਿੱਲੀ ਕੈਪੀਟਲਜ਼ ਨੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਟੀਮ ਨੂੰ 17 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀਆਂ ਪਲੇਅ ਔਫ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਫਾਰਮ ’ਚ ਚੱਲ ਰਹੇ ਡੇਵਿਡ ਵਾਰਨਰ ਜ਼ੀਰੋ ’ਤੇ ਆਊਟ ਹੋ ਗਏ।

ਸਰਫਰਾਜ਼ ਖਾਨ 16 ਗੇਂਦਾਂ ’ਚ 32 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ’ਚ 5 ਚੌਕੇ ਅਤੇ 1 ਛੱਕਾ ਲਗਾਇਆ। ਦਿੱਲੀ ਦੀ ਟੀਮ ਨੂੰ ਤੀਜਾ ਝਟਕਾ ਲਲਿਤ ਯਾਦਵ ਦੇ ਰੂਪ ’ਚ ਲੱਗਾ। ਅਰਸ਼ਦੀਪ ਨੇ ਲਲਿਤ ਨੂੰ 24 ਦੌੜਾਂ ’ਤੇ ਆਊਟ ਕਰ ਕੇ ਦੂਜੀ ਸਫਲਤਾ ਹਾਸਲ ਕੀਤੀ। ਲਿਵਿੰਗਸਟੋਨ ਨੇ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੂੰ ਸਟੰਪ ਕਰਕੇ ਪੰਜਾਬ ਨੂੰ ਵੱਡੀ ਸਫਲਤਾ ਦਿਵਾਈ। ਇਸ ਤਰ੍ਹਾਂ ਦਿੱਲੀ ਨੇ 5 ਵਿਕਟਾਂ ਦੇ ਨੁਕਸਾਨ ’ਤੇ 18 ਓਵਰਾਂ ’ਚ 149 ਦੌੜਾਂ ਬਣਾ ਲਈਆਂ ਹਨ। ਮਿਸ਼ੇਲ ਮਾਰਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 48 ਗੇਂਦਾਂ ’ਚ 66 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਤੇ 3 ਛੱਕੇ ਲਾਏ।