
ਤੇਲ ਅਵੀਵ (ਰਾਘਵ): ਈਰਾਨ ਨਾਲ ਟਕਰਾਅ ਤੋਂ ਬਾਅਦ ਇਜ਼ਰਾਈਲ ਨੇ ਦੁਨੀਆ ਭਰ 'ਚ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਹਨ। ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਜਨਤਕ ਥਾਵਾਂ 'ਤੇ ਯਹੂਦੀ ਜਾਂ ਇਜ਼ਰਾਈਲੀ ਪ੍ਰਤੀਕਾਂ ਨੂੰ ਪ੍ਰਦਰਸ਼ਿਤ ਨਾ ਕਰਨ ਦੀ ਅਪੀਲ ਕੀਤੀ ਹੈ। ਇਜ਼ਰਾਈਲ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਇਜ਼ਰਾਈਲ ਕੌਂਸਲਰ ਸੇਵਾਵਾਂ ਪ੍ਰਦਾਨ ਨਹੀਂ ਕਰੇਗਾ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਸਥਾਨਕ ਸੁਰੱਖਿਆ ਸੇਵਾਵਾਂ ਨਾਲ ਸਹਿਯੋਗ ਕਰਨ। ਹਾਲਾਂਕਿ, ਦੂਤਾਵਾਸ ਕਿੰਨਾ ਸਮਾਂ ਬੰਦ ਰਹੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬਰਲਿਨ ਵਿੱਚ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਦੁਨੀਆ ਭਰ ਵਿੱਚ ਇਜ਼ਰਾਈਲੀ ਮਿਸ਼ਨ ਬੰਦ ਰਹਿਣਗੇ। ਹਾਲਾਂਕਿ ਉਨ੍ਹਾਂ ਇਸ ਤੋਂ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਨੇ ਯਹੂਦੀ ਅਤੇ ਇਜ਼ਰਾਈਲੀ ਸਾਈਟਾਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਸਟਾਕਹੋਮ ਦੇ ਮਹਾਨ ਸਿਨੇਗੋਗ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਸੀ। ਇਮਾਰਤਾਂ ਦੇ ਬਾਹਰ ਪੁਲਿਸ ਵੈਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।