ਇਟਲੀ ਨੇ ਖੋਲ੍ਹੇ ਬਾਰਡਰ ਦੇ ਰਾਹ, 40,000 ਕਾਮਿਆਂ ਦੀ ਲੋੜ

by mediateam

22 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਇਟਲੀ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਬਾਰਡਰ ਦੇ ਰਾਹ ਖੋਲ ਕੇ ਸੱਦਾ ਦਿੱਤਾ ਹੈ | ਦੱਸ ਦਈਏ ਕਿ ਇਟਲੀ 'ਚ 38500 ਕਾਮਿਆਂ ਦੀ ਸਰਕਾਰ ਨੂੰ ਲੋੜ ਹੈ | ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇਂ ਕਾਨੂੰਨ ਤੇ ਦਸਤਖਤ ਕਰਨ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਗਈ ਹੈ। ਆਉਂਦੇ ਥੋੜ੍ਹੇ ਦਿਨਾਂ ਵਿਚ ਪੇਪਰ ਭਰਨ ਦੀ ਵਿਧੀ ਅਤੇ ਤਰੀਕਾਂ ਦਾ ਐਲਾਨ ਵੀ ਹੋ ਜਾਵੇਗਾ | ਤੁਹਾਨੂੰ ਦੱਸ ਦਈਏ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਪੇਪਰਾਂ ਰਾਹੀ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ |


ਜਾਣਕਾਰੀ ਮੁਤਾਬਕ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ, ਜਿੰਨ੍ਹਾਂ ਨੂੰ ਇਟਲੀ ਦੀ ਅੰਬੈਸੀ ਵੱਲੋਂ ਪਹਿਲਾਂ 272 ਦਿਨਾਂ ਯਾਨੀ ਕਿ ਕਰੀਬ 9 ਮਹੀਨੇ ਦਾ ਵੀਜ਼ਾ ਦਿੱਤਾ ਜਾਂਦਾ ਰਿਹਾ ਹੈ, ਪਰ ਪਿਛਲੇ ਸਾਲ ਕੁਝ ਕੁ ਕਾਮਿਆਂ ਨੂੰ 120 ਦਿਨ (ਚਾਰ ਮਹੀਨੇ) ਦਾ ਵੀਜ਼ਾ ਵੀ ਦਿੱਤਾ ਗਿਆ ਸੀ ਜਿਸ ਨੂੰ ਇੱਥੇ ਆਉਣ ਤੋ ਬਾਅਦ ਸਬੰਧਤ ਵਿਭਾਗ ਵਿਚ ਕਾਨੂੰਨੀ ਕਾਰਵਾਈ ਲਈ ਜਮਾਂ ਕਰਵਾਇਆ ਜਾਂਦਾ ਹੈ |


ਪਿਛਲੇ ਕੁਝ ਸਾਲਾਂ ਦੌਰਾਨ ਬਹਤ ਸਾਰੇ ਪੰਜਾਬੀ ਇੰਨ੍ਹਾਂ ਪੇਪਰਾਂ ਦਾ ਸਹਾਰਾ ਲੈਕੇ ਇੱਥੇ ਪੱਕੇ ਪੇਪਰ ਬਣਾਉਣ ਵਿਚ ਵੀ ਕਾਮਯਾਬ ਹੋਏ ਹਨ ਤੇ ਕਈਆਂ ਨੂੰ ਪੰਜਾਬੀ ਏਜੰਟਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਯੂਰੋ ਖਰਾਬ ਕਰਨ ਤੋਂ ਬਾਅਦ ਵੀ ਪੱਕੇ ਪੇਪਰ ਨਸੀਬ ਨਹੀ ਹੋ ਸਕੇ | ਪਾਸ ਕੀਤੇ ਕਾਨੂੰਨ ਮੁਤਾਬਿਕ 38,500 ਕਾਮਿਆਂ ਵਿਚੋਂ 12,500 ਉਨ੍ਹਾਂ ਕਾਮਿਆਂ ਦਾ ਕੋਟਾ ਰੱਖਿਆ ਗਿਆ, ਜਿਹੜੇ ਪਿਛਲੇ ਸਾਲ 9 ਮਹੀਨੇ ਵਾਲੇ ਪੇਪਰਾਂ ‘ਤੇ ਇੱਥੇ ਆਏ ਸਨ ਤੇ ਕੰਮ ਦਾ ਕੰਟਰੈਕਟ ਹੋਣ ਦੀ ਸੂਰਤ ਵਿਚ ਉਨ੍ਹਾਂ ਦੇ ਆਰਜ਼ੀ ਪੇਪਰਾਂ ਨੂੰ ਪੱਕੇ ਪੇਪਰਾਂ ਦੇ ਤੌਰ ‘ਤੇ ਬਦਲਿਆ ਜਾ ਸਕਦਾ ਹੈ |


ਬਿਜ਼ਨੈਸ, ਵਿਦਿਆਰਥੀਆਂ, ਖਿਡਾਰੀ ਅਤੇ ਕਈ ਹੋਰ ਜ਼ਰੂਰੀ ਕੈਟਾਗਰੀਆਂ ਨੂੰ ਵੀ ਇਸ ਕੋਟੇ ਵਿਚ ਜਗ੍ਹਾ ਦਿੱਤੀ ਗਈ ਹੈ | ਓਥੇ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਐਲਾਨ ਤੋਂ ਬਾਅਦ ਇਸ ਖਿੱਤੇ ਵਿਚੋਂ ਮੋਟੇ ਪੈਸੇ ਕਮਾਉਣ ਵਾਲੇ ਜਾਅਲੀ ਏਜੰਟ ਕਮਰ ਕੱਸ ਲੈਂਦੇ ਹਨ ਤਾ ਜੋ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮੋਟੀਆਂ ਰਕਮਾਂ ਕਮਾ ਸਕਣ |