ਇਟਲੀ: ਜੇਲ੍ਹ ’ਚ ਕੈਦੀਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ 52 ਸੁਰੱਖਿਆ ਕਰਮੀ ਮੁਅੱਤਲ

by vikramsehajpal

ਨੇਪਲਸ (ਦੇਵ ਇੰਦਰਜੀਤ)- ਇਟਲੀ ਵਿਚ ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੇਲ੍ਹ ਵਿਚ ਮਾਸਕ ਦੀ ਕਮੀ ਹੋਣ ਤੇ ਵਾਇਰਸ ਦੀ ਜਾਂਚ ਹੋਣ ’ਤੇ ਗੁੱਸੇ ਵਿਚ ਆਏ ਕੈਦੀਆਂ ਦੇ ਪ੍ਰਦਰਸ਼ਨ ਕਾਰਨ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਜੇਲ੍ਹ ਦੇ 52 ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਿਆਂ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਇਕ ਅਖਬਾਰ ਨੇ ਆਪਣੀ ਵੈੱਬਸਾਈਟ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਸੁਰੱਖਿਆ ਕਰਮਚਾਰੀ ਕੈਦੀਆਂ ਨੂੰ ਕੁੱਟਦੇ, ਪੈਰਾਂ ਨਾਲ ਮਾਰਦੇ ਤੇ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ।

ਨੇਪਲਸ ਦੀ ‘ਸਾਂਤਾ ਮਾਰੀਆ ਕਾਪੁਆ ਵੇਤੇਰੇ’ ਜੇਲ੍ਹ ਵਿਚ ਕੁਝ ਕੈਦੀਆਂ ਨੂੰ ਲਗਾਤਾਰ ਜ਼ਮੀਨ ’ਤੇ ਸੁੱਟਿਆ ਗਿਆ, ਕੈਦੀਆਂ ਦੇ ਸਰੀਰ ’ਚੋਂ ਖੂਨ ਨਿਕਲ ਰਿਹਾ ਸੀ। ਇਸ ਦੌਰਾਨ ਕਿਸੇ ਵੀ ਕੈਦੀ ਨੂੰ ਪਲਟ ਕੇ ਵਾਰ ਕਰਦੇ ਨਹੀਂ ਦੇਖਿਆ ਗਿਆ। ਦੇਸ਼ ਦੇ ਨਿਆਂ ਮੰਤਰਾਲਾ ਨੇ ਕਿਹਾ ਕਿ 52 ਕਰਮਚਾਰੀਆਂ ਤੇ ਸੁਪਰਵਾਈਜ਼ਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ 6 ਅਪੈ੍ਰਲ 2020 ਦੀ ਘਟਨਾ ਦੀ ਜਾਂਚ ਚੱਲ ਰਹੀ ਹੈ। ਨਿਆਂ ਮੰਤਰੀ ਮਾਰਤਾ ਕਾਰਤਾਬੀਆ ਨੇ ਘਟਨਾ ਦੀ ਪੂਰੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਘਟਨਾ ਨੂੰ ਦੇਸ਼ ਦੇ ਸੰਵਿਧਾਨ ਨਾਲ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੈਦੀਆਂ ਦੀ ਇੱਜ਼ਤ ਪ੍ਰਤੀ ਅਪਰਾਧ ਹੈ। ਘਟਨਾ ਦੇ ਕਾਰਨਾਂ ਨੂੰ ਸਮਝਣਾ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਕਾਰਵਾਈ ਕਰਨਾ ਜ਼ਰੂਰੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ।