ਚੀਨੀ ਤਕਨੀਕੀ ਖੇਤਰ ਦੇ ਦਿੱਗਜਾਂ ਦੀ ਸੂਚੀ ਵਿਚੋਂ ਕਾਰੋਬਾਰੀ ਜੈਕ ਮਾ ਦਾ ਨਾਮ ਗਾਇਬ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਦਿੱਗਜ ਚੀਨੀ ਕਾਰੋਬਾਰੀ ਜੈਕ ਮਾ ਦੇ ਮੁਸ਼ਕਲ ਦਿਨ ਅਜੇ ਖ਼ਤਮ ਨਹੀਂ ਹੋਏ। ਖ਼ਬਰਾਂ ਹਨ ਕਿ ਚੀਨ ਦੀ ਸਰਕਾਰ ਨੇ ਹੁਣ ਉਨ੍ਹਾਂ ਦਾ ਨਾਮ ਤਕਨੀਕੀ ਖੇਤਰ ਦੇ ਦਿੱਗਜ ਪ੍ਰਤੀਨਿਧੀ ਚਿਹਰਿਆਂ ਦੀ ਸੂਚੀ ਵਿਚੋਂ ਵੀ ਹਟਵਾ ਦਿੱਤਾ ਹੈ। ਸਰਕਾਰ ਖਿਲਾਫ਼ ਬੋਲ ਕੇ ਜੈਕ ਮਾ ਬੁਰੇ ਫ਼ਸੇ ਹੋਏ ਹਨ।

ਰਿਪੋਰਟਾਂ ਮੁਤਾਬਕ, ਚੀਨ ਦੇ ਸਰਕਾਰੀ ਸੰਸਥਾਨ 'ਸ਼ੰਘਾਈ ਸਕਿਓਰਿਟੀਜ਼ ਨਿਊਜ਼' ਨੇ ਪਹਿਲੇ ਪੰਨੇ 'ਤੇ ਦੇਸ਼ ਵਿਚ ਤਕਨੀਕੀ ਖੇਤਰ ਦੇ ਦਿੱਗਜਾਂ ਦੀ ਸੂਚੀ ਛਾਪੀ ਹੈ। ਇਸ ਵਿਚ ਅਲੀਬਾਬਾ ਦੇ ਬਾਨੀ ਜੈਕ ਮਾ ਦਾ ਨਾਮ ਨਹੀਂ ਹੈ। ਉੱਥੇ ਹੀ, ਇਸ ਸੂਚੀ ਵਿਚ ਹੁਵਾਵੇ ਤਕਨਾਲੋਜੀ ਦੇ ਰੇਨ ਝੇਂਗਫੇਈ, ਸ਼ਾਓਮੀ ਕਾਰਪ ਦੇ ਲੇਈ ਜੂਨ ਅਤੇ ਬੀ. ਵਾਈ. ਡੀ. ਦੇ ਵੈਂਗ ਚੁਆਨਫੂ ਵਰਗੇ ਦਿੱਗਜਾਂ ਦੇ ਨਾਮ ਹਨ। ਬੀਜਿੰਗ ਦੇ ਸਰਕਾਰੀ ਸਮਾਚਾਰ ਪੱਤਰ 'ਗਲੋਬਲ ਟਾਈਮਜ਼' ਨੇ ਵੀ ਆਪਣੇ ਸੰਪਾਦਕੀ ਵਿਚ ਇਹ ਸੂਚੀ ਜਾਰੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸੇ ਦਿਨ ਜੈਕ ਮਾ ਦੇ ਅਲੀਬਾਬਾ ਸਮੂਹ ਨੇ ਆਪਣੀ ਕਮਾਈ ਬਾਰੇ ਜਨਤਕ ਜਾਣਕਾਰੀ ਵੀ ਦਿੱਤੀ ਸੀ।

ਜੈਕ ਮਾ ਪਿਛਲੇ ਸਾਲ ਤੋਂ ਚੀਨ ਦੀ ਸਰਕਾਰ ਦੇ ਨਿਸ਼ਾਨੇ 'ਤੇ ਹਨ। ਉਨ੍ਹਾਂ ਨੇ ਦੇਸ਼ ਵਿਚ ਵਿੱਤੀ ਰੈਗੂਲੇਟਰ ਅਤੇ ਬੈਂਕਿੰਗ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਅਕਤੂਬਰ 2020 ਵਿਚ ਜੈਕ ਮਾ ਲਾਪਤਾ ਹੋ ਗਏ ਸਨ, ਉਸ ਵਕਤ ਖ਼ਬਰਾਂ ਆਈਆਂ ਕਿ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। ਹਾਲਾਂਕਿ, ਇਸੇ ਸਾਲ ਜਨਵਰੀ ਵਿਚ ਜੈਕ ਮਾ ਫਿਰ ਸਭ ਦੇ ਸਾਹਮਣੇ ਆਏ। ਚੀਨ ਦੀ ਸਰਕਾਰ ਨੇ ਜੈਕ ਮਾ ਦੇ ਅਲੀਬਾਬਾ ਗਰੁੱਪ ਅਤੇ ਐਂਟ ਗਰੁੱਪ ਖਿਲਾਫ਼ ਕਈ ਮਾਮਲਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ।